ਬਿੱਟੂ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ’ਤੇ ਮਾਨਸਾ ’ਚ ਜਸ਼ਨ
ਪੱਤਰ ਪ੍ਰੇਰਕ
ਮਾਨਸਾ, 10 ਜੂਨ
ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਅਚਾਨਕ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਦੀ ਕੇਂਦਰੀ ਕੈਬਨਿਟ ਵਿੱਚ ਸ਼ਮੂਲੀਅਤ ਹੋਣ ਤੋਂ ਬਾਅਦ ਇਸ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਰਵਨੀਤ ਸਿੰਘ ਬਿੱਟੂ ਭਾਵੇਂ ਲੁਧਿਆਣਾ ਤੋਂ ਚੋਣ ਲੜੇ ਸਨ, ਪਰ ਉਨ੍ਹਾਂ ਦੀ ਮਾਨਸਾ ਜ਼ਿਲ੍ਹੇ ਵਿੱਚ ਵੱਡੀ ਰਿਸ਼ਤੇਦਾਰੀ ਹੋਣ ਕਾਰਨ ਇਥੇ ਆਉਣਾ-ਜਾਣਾ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਜਾਨਣ ਵਾਲੇ ਨੌਜਵਾਨਾਂ ਅਤੇ ਹੋਰ ਲੋਕਾਂ ਵੱਲੋਂ ਪੂਰੇ ਚਾਵਾਂ ਦਾ ਪ੍ਰਗਟਾਵਾ ਕੀਤਾ ਗਿਆ। ਇਸ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਅਜੀਤਇੰਦਰ ਸਿੰਘ ਮੋਫ਼ਰ ਦੇ ਪੁੱਤਰ ਬਿਕਰਮ ਸਿੰਘ ਮੋਫ਼ਰ, ਜੋ ਕਾਂਗਰਸ ਦੇ ਸੀਨੀਅਰ ਆਗੂ ਹਨ, ਨੂੰ ਰਵਨੀਤ ਸਿੰਘ ਬਿੱਟੂ ਦੀ ਸਕੀ ਭੈਣ ਵਿਆਹੀ ਹੋਣ ਕਾਰਨ ਇਸ ਖੇਤਰ ਵਿੱਚ ਉਨ੍ਹਾਂ ਆਉਣਾ-ਜਾਣਾ ਅਕਸਰ ਬਣਿਆ ਰਹਿੰਦਾ ਹੈ। ਮੋਫ਼ਰ ਪਰਿਵਾਰ ਨਾਲ ਜਿਹੜੇ ਲੋਕਾਂ ਦੀ ਡੂੰਘੀ ਸਾਂਝ ਹੈ, ਉਨ੍ਹਾਂ ਦੇ ਘਰਾਂ ਵਿੱਚ ਰਵਨੀਤ ਬਿੱਟੂ ਦੇ ਕੇਂਦਰੀ ਮੰਤਰੀ ਬਣਨ ’ਤੇ ਜਸ਼ਨ ਮਨਾਏ ਗਏ। ਸ੍ਰੀ ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਭਾਵੇਂ ਸ੍ਰੀ ਬਿੱਟੂ ਦੇ ਲੁਧਿਆਣਾ ਤੋਂ ਚੋਣ ਹਾਰਨ ਮਗਰੋਂ ਪੰਜਾਬ ’ਚੋਂ ਕੇਂਦਰੀ ਕੈਬਨਿਟ ਵਿੱਚ ਕਿਸੇ ਦੇ ਹੋਰ ਵਜ਼ੀਰ ਬਣਨ ਦੀਆਂ ਕੋਈ ਉਮੀਦਾਂ ਨਹੀਂ ਸਨ ਅਤੇ ਅਚਾਨਕ ਹੀ ਬਿੱਟੂ ਨੂੰ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਹੋਣ ਦਾ ਜਦੋਂ ਹੀ ਤੋਹਫ਼ਾ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਵੱਡੀ ਰਿਸ਼ਤੇਦਾਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਾਰਟੀ ਵਖਰੇਵੇਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਗੱਲ ਦਾ ਚਾਅ ਚੜ੍ਹਿਆ ਅਤੇ ਮਾਲਵਾ ਖੇਤਰ ਦੇ ਰੁਕੇ ਹੋਏ ਕਾਰਜਾਂ ਦੀ ਇੱਕ ਵੱਡੀ ਉਮੀਦ ਬੱਝੀ ਹੈ।