ਸਰਬਜੋਤ ਦੇ ਜੱਦੀ ਪਿੰਡ ਬਟੌਲੀ ’ਚ ਜਸ਼ਨ ਦਾ ਮਾਹੌਲ
ਸਰਬਜੀਤ ਸਿੰਘ ਭੱਟੀ
ਲਾਲੜੂ, 31 ਜੁਲਾਈ
ਪਿੰਡ ਬਟੌਲੀ ਦੇ ਨੰਬਰਦਾਰ ਹਰਦੇਵ ਸਿੰਘ ਦੇ ਪੋਤਰੇ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਪੈਰਿਸ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਲਾਲੜੂ ਖੇਤਰ ਸਣੇ ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਸਰਬਜੋਤ ਸਿੰਘ ਦੇ ਚਾਚਾ ਰਵਿੰਦਰ ਸਿੰਘ ਬਟੌਲੀ ਦੇ ਘਰ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਦੇਵ ਸਿੰਘ ਬਟੌਲੀ ਹੁਣ ਅਮਰੀਕਾ ਵਿੱਚ ਰਹਿੰਦੇ ਹਨ ਤੇ ਉਸ ਦਾ ਵੱਡਾ ਭਰਾ ਜਤਿੰਦਰ ਸਿੰਘ ਅੰਬਾਲਾ ਜ਼ਿਲ੍ਹੇ ਦੇ ਪਿੰਡ ਧੀਨ ਵਿੱਚ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਸਰਬਜੋਤ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਧੀਨ ’ਚ ਰਹਿ ਰਿਹਾ ਹੈ, ਜਦੋਂਕਿ ਉਸ ਦਾ ਦਾਦਕਾ ਪਿੰਡ ਬਟੌਲੀ ਹੈ। ਉਨ੍ਹਾਂ ਦੱਸਿਆ ਕਿ ਸਰਬਜੋਤ ਸਿੰਘ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਡੀਏਵੀ ਕਾਲਜ ਸੈਕਟਰ-10 ਚੰਡੀਗੜ੍ਹ ’ਚ ਪੋਸਟ ਗਰੈਜੂਏਟ ’ਚ ਮਾਰਕੀਟਿੰਗ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਬਜੋਤ ਨੇ ਇਸ ਤੋਂ ਪਹਿਲਾਂ ਐੱਮਐੱਮ ਮੈਡੀਕਲ ਕਾਲਜ, ਮੁਲਾਣਾ ਤੋਂ ਐੱਮਬੀਬੀਐੱਸ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿਗ ਨੇ ਸਰਬਜੋਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤ ਅਤੇ ਵਾਤਾਵਰਣ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਤਾਂ ਜੋ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।