ਮੁਲਾਜ਼ਮ ਆਗੂ ਸੱਜਣ ਸਿੰਘ ਦੀ ਤੀਜੀ ਬਰਸੀ ਮਨਾਈ
ਪੱਤਰ ਪ੍ਰੇਰਕ
ਬਠਿੰਡਾ, 30 ਜੂਨ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਚੰਡੀਗੜ੍ਹ ਦੀ ਜ਼ਿਲ੍ਹਾ ਇਕਾਈ ਬਠਿੰਡਾ ਵੱਲੋਂ ਟੀਚਰਜ਼ ਹੋਮ ’ਚ ਮਰਹੂਮ ਆਗੂ ਕਾਮਰੇਡ ਸੱਜਣ ਸਿੰਘ ਦੀ ਤੀਜੀ ਬਰਸੀ ਮਨਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾਈ ਆਗੂ ਪ੍ਰੇਮ ਚਾਵਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੰਜੀਵ ਕੁਮਾਰ, ਜ਼ਿਲ੍ਹਾ ਚੇਅਰਮੈਨ ਮਨਜੀਤ ਸਿੰਘ, ਅਧਿਆਪਕ ਆਗੂ ਲਛਮਣ ਸਿੰਘ ਮਲੂਕਾ, ਟੀਚਰਜ਼ ਹੋਮ ਵੱਲੋਂ ਸਾਥੀ ਰਘਵੀਰ ਚੰਦ ਸ਼ਰਮਾ, ਬੀਰਬਲ ਦਾਸ, ਪਰਮਜੀਤ ਸਿੰਘ ਰਾਮਾ, ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਗਿੱਲ, ਕ੍ਰਿਸ਼ਨ ਸਿੰਘ ਜੰਗੀਰਾਣਾ, ਐੱਸ ਐੱਸ ਯਾਦਵ ਅਤੇ ਹੋਰ ਸਾਥੀਆਂ ਵੱਲੋਂ ਸਾਥੀ ਸੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਬੁਲਾਰਿਆਂ ਨੇ ਉਨ੍ਹਾਂ ਵੱਲੋਂ ਟਰੇਡ ਯੂਨੀਅਨ ਲਹਿਰ ਨੂੰ ਸਮਰਪਿਤ ਜੀਵਨ ਦੇ ਪੰਜਾਹ ਸਾਲਾਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵੱਖ-ਵੱਖ ਸਮੇਂ ’ਤੇ ਰੱਖੇ ਗਏ ਚਾਰ ਮਰਨ ਵਰਤਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੀਟਿੰਗ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 6 ਜੁਲਾਈ ਨੂੰ ਜਲੰਧਰ ਵਿੱਚ ਹੋਣ ਵਾਲੇ ਝੰਡਾ ਮਾਰਚ ਵਿੱਚ ਬਠਿੰਡਾ ਦੇ ਵੱਧ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਲ ਹੋਣਗੇ। ਇਸ ਮੌਕੇ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਵਿੱਤ ਸਕੱਤਰ, ਰਾਮ ਸਿੰਘ ਚੇਅਰਮੈਨ ਪਸ਼ੂ ਪਾਲਣ ਵਿਭਾਗ ਪੰਜਾਬ, ਅਜੈ ਕੁਮਾਰ ਮੀਤ ਪ੍ਰਧਾਨ ਤੇ ਨੰਦ ਕਿਸ਼ੋਰ ਹਾਜ਼ਰ ਸਨ।