ਨਵਾਂ ਸਾਲ ਇਸ ਤਰ੍ਹਾਂ ਮਨਾਉਣਾ ਵੀਰਨੋ...
ਲਖਵਿੰਦਰ ਸਿੰਘ ਰਈਆ
ਸਿਡਨੀ: ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਹਿਣ ਲਈ ਬਾਬਾ ਬੁੱਢਾ ਜੀ ਹਾਲ ਗਲੈਨਵੁੱਡ (ਸਿਡਨੀ) ਵਿੱਚ ਡਾਇਰੈਕਟਰ ਸੀਨੀਅਰ ਸਿਟੀਜ਼ਨ ਤਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬੀ ਸਾਹਿਤਕ ਪ੍ਰੇਮੀਆਂ ਵੱਲੋਂ ਮਾਸਿਕ ਇਕੱਤਰਤਾ ਕੀਤੀ ਗਈ। ਇਸ ਦੀ ਸ਼ੁਰੂਆਤ ਲੇਖਕ ਗਿਆਨੀ ਸੰਤੋਖ ਸਿੰਘ ਨੇ ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਆਪਣੇ ਕੁੰਜੀਵਤ ਭਾਸ਼ਣ ਨਾਲ ਕੀਤੀ।
ਸੁਖਦੇਵ ਸਿੰਘ ਸੱਗੂ ਨੇ ਲੰਘੇ ਸਮੇਂ ਤੋਂ ਸਬਕ ਸਿਖਣ ਤੇ ਭਵਿੱਖ ਨੂੰ ਸੰਵਾਰਨ ਲਈ ਚੰਗੇ ਮਨੁੱਖੀ ਗੁਣਾਂ ਨੂੰ ਧਾਰਨ ਕਰਨ ਦਾ ਸੱਦਾ ਦਿੰਦਿਆਂ;
ਨਵਾਂ ਸਾਲ ਇਸ ਤਰ੍ਹਾਂ ਮਨਾਉਣਾ ਵੀਰਨੋ
ਬੀਤਿਆ ਵੇਲਾ ਨਹੀਂ ਹੱਥ ਆਉਣਾ ਵੀਰਨੋ
ਉੱਠ ਕੇ ਸਵੇਰੇ ਇਸ਼ਨਾਨ ਕਰਕੇ
ਪੈਰੀਂ ਹੱਥ ਲਾਓ ਮਾਪਿਆਂ ਦੇ ਤੜਕੇ
ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਜੋਗਿੰਦਰ ਸਿੰਘ ਸੋਹੀ ਨੇ ਪੁਰਾਣੀ ਪੀੜ੍ਹੀ ਦੇ ਸਾਰਥਿਕ ਪੱਖੀ ਰੁਝੇਵਿਆਂ ਤੇ ਨਵੀਂ ਪੀੜ੍ਹੀ ਦੇ ਉਲਝਣ ਭਰੇ ਰੁਝੇਵਿਆਂ ਨੂੰ ਸਵਾਲ ਜਵਾਬਾਂ ਦੇ ਕਾਵਿ ਰੂਪ ਵਿੱਚ ਪੇਸ਼ ਕੀਤਾ;
ਪੋਤੇ ਨੇ ਪੁੱਛਿਆ ਸੀ ਇੱਕ ਸਵਾਲ ਦਾਦੇ ਨੂੰ
ਕਿਸ ਤਰ੍ਹਾਂ ਤੁਸੀਂ ਜੀ ਲਿਆ ਸਮੇਂ ਦੇ ਖਾਬੇ ਨੂੰ।
---
ਹੱਥ ਭਾਵੇਂ ਤੰਗ ਸੀ ਸ਼ੇਰਾ, ਪਰ ਇੱਜ਼ਤਾਂ ਢਕੀਆਂ ਸੀ
ਨਿੱਤ ਦੀ ਭਾਵੇਂ ਦੂਰੀ ਰਹਿੰਦੀ, ਪਰ ਸਾਂਝਾਂ ਪੱਕੀਆਂ ਸੀ।
ਅਵਤਾਰ ਸਿੰਘ ਸੰਘਾ ਨੇ ਤੱਥਾਂ ਦੇ ਆਧਾਰਿਤ ਪੁਸਤਕ ‘ਸਮੀਖਿਆਵਾਂ ਦੇ ਸੱਚ-ਕੱਚ’ ਬਾਰੇ ਗੱਲ ਕੀਤੀ।
ਪ੍ਰਗਟ ਸਿੰਘ ਗਿੱਲ ਨੇ ਫਿਕਰਾਂ ਦੀ ਝੰਬੀ ਦੁਨੀਆਦਾਰੀ ਦੀ ਗੱਲ ਤੋਰਦਿਆਂ ਕਿਹਾ;
ਫਿਕਰਾਂ ਦਾ ਫੁਲਕਾ ਖਾਧਾ ਏ,ਸ ੋਚਾਂ ਵਿੱਚੋਂ ਲੱਭ ਲਿਆਂਦਾ ਏ।
ਸ਼ਬਦਾਂ ਨੇ ਚੁੱਲ੍ਹਾ ਤਪਾਇਆ ਏ, ਕਲਮਾਂ ਨੇ ਬਾਲਣ ਡਾਹਿਆ ਏ।
ਹਾਸਰਸ ਕਾਵਿ ਵਿਅੰਗ ਨਾਲ ਲਖਵਿੰਦਰ ਮਾਨ ਨੇ ਵਿਹਲੜ ਪਾਖੰਡੀ ਸਾਧ ਲਾਣੇ ਵੱਲੋਂ ਲੋਕਾਂ ਨੂੰ ਭਰਮਾਉਣ ਅਤੇ ਲੁੱਟ ਖਸੁੱਟ ਕਰਨ ਦੇ ਮੱਕਾਰੀ ਧੰਦਿਆਂ ਦਾ ਪਾਜ਼ ਉਘੇੜਦਿਆਂ ਕਿਹਾ;
ਕੰਮਕਾਰ ਛੱਡ, ਜਦੋਂ ਦਾ ਮੈਂ ਬਾਬਾ ਬਣਿਆ
ਲੱਖਦਾਤਾ, ਸ਼ੇਸ਼ਨਾਗ ਤਾਂ ਕੀ
ਮੈਂ ਪੀਰਾਂ ਦਾ ਪੀਰ ਬਣਿਆ।
ਪ੍ਰਗਟ ਸਿੰਘ ਬਾਗੀ ਨੇ ਜੋਸ਼ ਭਰੀਆਂ ਕਾਵਿ ਸਤਰਾਂ ਪੜ੍ਹੀਆਂ;
ਤਰੀਕਾਂ ਬਦਲ ਗਈਆਂ, ਕੈਲੰਡਰ ਬਦਲ ਜਾਂਦੇ ਨੇ।
ਧਰਤੀ ਤਾਂ ਉਹੀ ਹੈ, ਪਰ ਸਿਕੰਦਰ ਬਦਲ ਜਾਂਦੇ ਨੇ।
ਚੁੱਲ੍ਹਿਆਂ ਦੀ ਵਿਰਾਸਤੀ ਮਹੱਤਤਾ, ਆਪਸੀ ਭਾਈਚਾਰਕ ਸਾਂਝ, ਪ੍ਰੇਮ ਪਿਆਰ, ਰੋਜ਼ੀ ਰੋਟੀ ਵਾਸਤੇ ਦੂਰ ਦੂਰੇਡੇ ਦੇਸ਼ ਵਿਦੇਸ਼ ਵਿੱਚ ਤੁਰ ਜਾਣ ਨਾਲ ਪੈਂਦੇ ਵਿਛੋੜੇ ਦੇ ਦਰਦਾਂ ਦੀ ਵੇਦਨਾ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਵਰਤਾਰਿਆਂ ਦੇ ਨਿੱਘਰਦੇ ਜਾ ਰਹੇ ਹਾਲਾਤ, ਲੋਕ ਮੁੱਦਿਆਂ ਨੂੰ ਭੁਲਾ ਕੇ ਕੁਰਸੀ ਜੱਫਾ, ਨਫ਼ਰਤ, ਪਿਆਰ, ਮਾਂ ਦੀ ਮਮਤਾ ਆਦਿ ਵਿਸ਼ਿਆਂ ਨੂੰ ਛੂੰਹਦਿਆਂ ਕੁਲਦੀਪ ਸਿੰਘ ਜੌਹਲ, ਪ੍ਰੋ. ਸੁਖਵੰਤ ਸਿੰਘ ਗਿੱਲ, ਕੁਲਵੰਤ ਕੌਰ ਗਿੱਲ, ਪ੍ਰਿੰਸੀਪਲ ਗੁਰਜੰਟ ਸਿੰਘ, ਇੰਜੀਨੀਅਰ ਜਤਿੰਦਰ ਸਿੰਘ ਆਹਲੂਵਾਲੀਆ, ਸੁਖਰਾਜ ਸਿੰਘ ਵੇਰਕਾ, ਤਾਰਾ ਸਿੰਘ ਭੰਮਰਾ, ਮਨਪ੍ਰੀਤ ਕੌਰ ਵੇਰਕਾ, ਛਿੰਦਰਪਾਲ ਕੌਰ, ਜਸਵੰਤ ਸਿੰਘ ਪੰਨੂੰ, ਜਸਵਿੰਦਰ ਕੌਰ ਚਾਵਲਾ, ਗੁਰਦਿਆਲ ਸਿੰਘ ਉੜੀਸਾ, ਜੀਵਨ ਸਿੰਘ ਦੁਸਾਂਝ ਅਤੇ ਕੈਪਟਨ ਸਰਜਿੰਦਰ ਸਿੰਘ ਨੇ ਆਪਣੇ ਵਿਚਾਰ ਤੇ ਕਵਿਤਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ।
ਇਸ ਮੌਕੇ ਵਿੱਦਿਆ ਸ਼ੰਕਰ ਮਿਸ਼ਰਾ, ਗੁਲਾਬ ਦੇਵੀ, ਭਗਵੰਤ ਕੌਰ ਜੌਹਲ, ਅਮਰਜੀਤ ਸਿੰਘ, ਰਵਿੰਦਰ ਕੌਰ, ਕਸ਼ਮੀਰ ਕੌਰ ਪੰਨੂ ਅਤੇ ਕੁਲਵੰਤ ਕੌਰ ਸਿੱਧੂ ਆਦਿ ਵੱਲੋਂ ਹਾਜ਼ਰੀ ਭਰਦਿਆਂ ਸਾਹਿਤਕ ਰੰਗਾਂ ਨੂੰ ਖ਼ੂਬ ਮਾਣਿਆ ਗਿਆ। ਸਾਹਿਤਕ ਦਰਬਾਰ ਦਾ ਮੰਚ ਸੰਚਾਲਨ ਜੋਗਿੰਦਰ ਸਿੰਘ ਸੋਹੀ ਨੇ ਕੀਤਾ।
ਸੰਪਰਕ: 61430204832