ਜ਼ਮੀਨ ਬਚਾਓ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਦੀ ਬਰਸੀ ਮਨਾਈ
ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ, 11 ਅਕਤੂਬਰ
14 ਸਾਲ ਪਹਿਲਾਂ ਪਿੰਡ ਬੀਰੋਕੇ ਖੁਰਦ ਦੇ ਗ਼ਰੀਬ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਬਚਾਉਂਦਿਆਂ ਸ਼ਹੀਦ ਹੋਏ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ, ਕੁੱਲਰੀਆਂ ਦੇ ਜ਼ਮੀਨ ਬਚਾਓ ਮੋਰਚਾ ਵਿਚ ਮਨਾਈ ਗਈ। ਇਹ ਬਰਸੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਮਨਾਈ ਗਈ। ਬਰਸੀ ਸਮਾਗਮ ਦੌਰਾਨ ਦਾਅਵਾ ਕੀਤਾ ਗਿਆ ਕਿ ਪੰਡਾਲ ਵਿੱਚ 14 ਜ਼ਿਲ੍ਹਿਆਂ ਦੇ ਪ੍ਰਧਾਨ ਵੱਡੀ ਗਿਣਤੀ ’ਚ ਕਿਸਾਨ ਕਾਰਕੁਨਾਂ ਨੂੰ ਲੈ ਕੇ ਪੁੱਜੇ ਹੋਏ ਹਨ। ਸਮਾਗਮ ਦੀ ਸ਼ੁਰੂਆਤ ਸ਼ਹੀਦ ਪ੍ਰਿੰਥੀਪਾਲ ਸਿੰਘ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਵੱਲੋਂ ਸ਼ਹੀਦ ਦੀ ਫੋਟੋ ਨੂੰ ਫੁੱਲ ਅਰਪਣ ਕਰਕੇ ਕੀਤੀ ਗਈ।ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜਥੇਬੰਦੀ ਸ਼ਹੀਦ ਪ੍ਰਿਥੀਪਾਲ ਸਿੰਘ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਅੰਮ੍ਰਿਤਪਾਲ ਕੌਰ ਹਰੀਨੌਂ, ਲਖਵੀਰ ਸਿੰਘ ਅਕਲੀਆ, ਜਗਤਾਰ ਸਿੰਘ ਦੇਹੜਕਾ, ਕੁਲਵੰਤ ਸਿੰਘ ਮਾਨ, ਗੁਰਦੀਪ ਸਿੰਘ ਖੁੱਡੀਆਂ, ਬਲਵਿੰਦਰ ਸਿੰਘ ਜੇਠੂਕੇ, ਹਰਮੀਤ ਸਿੰਘ ਢਾਬਾਂ, ਜਗੀਰ ਸਿੰਘ ਖਹਿਰਾ, ਰਾਣਾ ਹਰਜਿੰਦਰ ਸਿੰਘ ਸੈਦੋਵਾਲ, ਸੁਖਚੈਨ ਸਿੰਘ ਰਾਜੂ ਤੇ ਹੋਰ ਹਾਜ਼ਰ ਸਨ।