ਸਿਰਜਣ ਕਲਾ ਦੇ ਪਿਤਾਮਾ ਭਗਵਾਨ ਵਿਸ਼ਵਕਰਮਾ ਦਾ ਦਿਹਾੜਾ ਮਨਾਇਆ
ਪੱਤਰ ਪ੍ਰੇਰਕ
ਪਿਹੋਵਾ, 14 ਨਵੰਬਰ
ਸਿਰਜਣ ਕਲਾ ਦੇ ਪਿਤਾਮਾ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਪੰਜਾਬੀ ਵਿਸ਼ਵਕਰਮਾ ਸਭਾ ਅਤੇ ਵਿਸ਼ਵਕਰਮਾ ਧੀਮਾਨ ਧਰਮਸ਼ਾਲਾ ਸਭਾ ਦੀ ਤਰਫ਼ੋਂ ਵਿਸ਼ਵਕਰਮਾ ਭਵਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਰਾਜ ਮੰਤਰੀ ਸੰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਜ ਮੰਤਰੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਸਮਾਜ ਨੂੰ ਸਿਰਜਣਾ ਅਤੇ ਨਿਰਮਾਣ ਦੀ ਕਲਾ ਦੇ ਨਾਲ-ਨਾਲ ਹੱਥਾਂ ਦਾ ਹੁਨਰ ਵੀ ਦਿੱਤਾ ਹੈ। ਜਿਸ ਕਾਰਨ ਸਮਾਜ ਦੇ ਕਰੋੜਾਂ ਲੋਕ ਰੋਜ਼ੀ-ਰੋਟੀ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਮਜ਼ਦੂਰ ਵਰਗ ਦੀ ਭਲਾਈ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਹੈ। ਜਿਸ ਤਹਿਤ ਕੇਂਦਰ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਦੇ ਵਿਕਾਸ ਅਤੇ ਰੁਜ਼ਗਾਰ ’ਤੇ 13 ਹਜ਼ਾਰ ਕਰੋੜ ਰੁਪਏ ਖਰਚਣ ਦਾ ਪ੍ਰਬੰਧ ਕੀਤਾ ਹੈ। ਰਾਜ ਮੰਤਰੀ ਸੰਦੀਪ ਸਿੰਘ ਨੇ ਪੰਜਾਬੀ ਵਿਸ਼ਵਕਰਮਾ ਸਭਾ ਅਤੇ ਵਿਸ਼ਵਕਰਮਾ ਧੀਮਾਨ ਸਭਾ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸਟੇਜ ਦਾ ਸੰਚਾਲਨ ਤੇਜੇਂਦਰ ਪਾਲ ਸਿੰਘ ਸਯਾਪੋਸ਼ ਅਤੇ ਜਥੇਦਾਰ ਸਤਪਾਲ ਸਿੰਘ ਰਾਮਗੜ੍ਹੀਆ ਨੇ ਕੀਤਾ। ਢਾਡੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਗੁਰੂਆਂ ਅਤੇ ਸੰਤਾਂ ਦੀ ਮਹਿਮਾ ਗਾਇਨ ਕੀਤੀ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਭਾਜਪਾ ਸੂਬਾ ਪ੍ਰਧਾਨ ਤੇ ਸੰਸਦ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਨਿਰਮਾਣ ਤੇ ਸ਼ਿਲਪਕਾਰ ਦੇ ਸਿਰਜਨਹਾਰਾ ਭਗਵਾਨ ਵਿਸ਼ਵਕਰਮਾ ਦੀ ਦੇਣ ਕਰ ਕੇ ਅੱਜ ਕਰੋੜਾਂ ਲੋਕ ਆਪਣੇ ਹੱਥਾਂ ਨਾਲ ਰੁਜ਼ਗਾਰ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਹਨ। ਭਾਜਪਾ ਸੂਬਾ ਪ੍ਰਧਾਨ ਬੀਤੀ ਦੇਰ ਸ਼ਾਮ ਰਾਮਗੜੀਆਂ ਸਭਾ ਵੱਲੋਂ ਥਾਨੇਸਰ ਦੇ ਕੀਰਤੀ ਨਗਰ ਵਿੱਚ ਭਗਵਾਨ ਵਿਸ਼ਵਕਰਮਾ ਦਿਵਸ ’ਤੇ ਕਰਵਾਏ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਮਥਾ ਟੇਕਿਆ। ਵਿਧਾਇਕ ਸੁਧਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਮਗਾਰ ਵਰਗ ਦੇ ਕਲਿਆਣ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਚਲਾਈ ਹੈ, ਜਿਸ ਦੇ ਤਹਿਤ 13 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਨੇ ਪਿਛੜਾ ਵਰਗ ਦੇ ਵਿਕਾਸ ਤੇ ਰੁਜ਼ਗਾਰ ’ਤੇ ਖਰਚ ਕਰਨਾ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰਾਂ ਵੱਲੋਂ ਪਿੱਛੜੇ ਵਰਗ ਨੂੰ ਮਾਨ ਸਨਮਾਨ ਨਹੀਂ ਸੀ ਦਿੱਤਾ ਜਾਂਦਾ। ਪਰ ਹੁਣ ਉੱਚ ਆਹੁਦਿਆਂ ’ਤੇ ਪਿੱਛੜੇ ਵਰਗ ਦੇ ਲੋਕ ਬੈਠੇ ਹਨ । ਇਹ ਭਾਜਪਾ ਦਾ ਬਦਲਾਅ ਹੈ।
ਗੁਰਦੁਆਰਿਆਂ ਤੇ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਸਮਾਗਮ
ਫਰੀਦਾਬਾਦ (ਪੱਤਰ ਪ੍ਰੇਰਕ): ਦਿੱਲੀ-ਐੱਨਸੀਆਰ ਵਿੱਚ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਵੱਖ-ਵੱਖ ਗੁਰਦੁਆਰਿਆਂ ਤੇ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਇਸ ਦਿਹਾੜੇ ਮੌਕੇ ਸਮਾਗਮ ਕਰਵਾਏ ਗਏ। ਫਰੀਦਾਬਾਦ ਦੀ ਜਵਾਹਰ ਕਲੋਨੀ ਵਿੱਚ ਰਾਮਗੜ੍ਹੀਆ ਸੁਸਾਇਟੀ ਵੱਲੋਂ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੁੱਖ ਸਮਾਗਮ ਕਰਵਾਇਆ ਗਿਆ ਤੇ ਸਾਬਕਾ ਪ੍ਰਧਾਨ (ਸਿੰਘ ਸਭਾ) ਸ਼ੇਰ ਸਿੰਘ ਦਾ ਸਨਮਾਨ ਮੁੱਖ ਮਹਿਮਾਨ ਸੁਖਦੇਵ ਸਿੰਘ ਖ਼ਾਲਸਾ ਤੇ ਸਾਥੀਆਂ ਵੱਲੋਂ ਕੀਤਾ ਗਿਆ। ਸ੍ਰੀ ਖ਼ਾਲਸਾ ਨੇ ਕਿਹਾ ਨਵੀਂ ਪਨੀਰੀ ਨੂੰ ਆਪਣੀ ਵਿਰਾਸਤ ਨਾਲ ਜੋੜੀ ਰੱਖਣ ਲਈ ਮਾਪਿਆਂ ਦਾ ਵੱਡਾ ਫਰਜ਼ ਹੈ। ਇਸ ਮੌਕੇ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਅੜੀ, ਕਮਲਜੀਤ ਸਿੰਘ ਧੰਜਲ ਤੇ ਸ਼ਖ਼ਸ਼ੀਅਤਾਂ ਹਾਜ਼ਰ ਸਨ। ਗਾਜ਼ੀਆਬਾਦ, ਗੁਰੂਗ੍ਰਾਮ ਤੇ ਪਾਣੀਪਤ, ਸੋਨੀਪਤ ਵਿੱਚ ਵੀ ਸਮਾਗਮ ਕੀਤੇ ਗਏ। ਇਸੇ ਤਰ੍ਹਾਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਡਰਾਈਵਰਾਂ ਤੇ ਵਾਤਾਵਰਨ ਨੂੰ ਸਮਰਪਿਤ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਲਗਪੱਗ 10,000 ਡਰਾਈਵਰਾਂ, ਮਕੈਨਿਕਾਂ, ਹੈਲਪਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਦਿਲੀਪ ਪਾਂਡੇ, ਚੀਫ਼ ਵ੍ਹਿਪ ਦਿੱਲੀ ਸਰਕਾਰ, ਜਰਨੈਲ ਸਿੰਘ-ਇੰਚਾਰਜ (ਪੰਜਾਬ) ਤੇ ਵਿਧਾਇਕ ਤਿਲਕਨਗਰ, ਅਜੇਸ਼ ਯਾਦਵ, ਵਿਧਾਇਕ ਸਮੇਪੁਰ ਬਦਲੀ ਸਨ।