ਸਮਾਰਟ ਸਿਟੀਜ਼ ਮਿਸ਼ਨ ਦੀ ਵਰ੍ਹੇਗੰਢ ਮਨਾਈ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਜੂਨ
ਸਮਾਰਟ ਸਿਟੀ ਲਿਮਟਡ, ਚੰਡੀਗੜ੍ਹ ਨੇ ਸਮਾਰਟ ਸਿਟੀ ਮਿਸ਼ਨ ਦੀ 8ਵੀਂ ਵਰ੍ਹੇਗੰਢ ਦੇ ਜਸ਼ਨ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਦੀ ਟੀਮ ‘ਚੰਡੀਗੜ੍ਹ ਬਾਈਟਸ’ ਅਤੇ ਸ਼ਹਿਰ ਵਾਸੀਆਂ ਨਾਲ ਇੱਥੇ ਸੈਕਟਰ-17 ਸਥਿਤ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ‘ਸਮਾਰਟ ਸਿਟੀਜ਼ ਮਿਸ਼ਨ’ 25 ਜੂਨ 2023 ਨੂੰ ਆਪਣੇ ਅੱਠ ਸਾਲ ਪੂਰੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ 25 ਜੂਨ 2015 ਨੂੰ ਸ਼ੁਰੂ ਕੀਤੇ ਮਿਸ਼ਨ ਦਾ ਮੁੱਖ ਉਦੇਸ਼ ਉਨ੍ਹਾਂ ਸ਼ਹਿਰਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਮੁੱਖ ਬੁਨਿਆਦੀ ਢਾਂਚਾ, ਸਾਫ਼ ਅਤੇ ਟਿਕਾਊ ਵਾਤਾਵਰਨ ਪ੍ਰਦਾਨ ਕਰਦੇ ਹਨ। ਇਸ ਲਈ 100 ਸ਼ਹਿਰਾਂ ਨੂੰ ਦੋ-ਪੜਾਵੀ ਮੁਕਾਬਲੇ ਰਾਹੀਂ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਚੁਣਿਆ ਗਿਆ ਸੀ ਤੇ ਚੰਡੀਗੜ੍ਹ ਇਨ੍ਹਾਂ ਵਿੱਚੋਂ ਇੱਕ ਹੈ। ਸਮਾਰਟ ਸਿਟੀਜ਼ ਮਿਸ਼ਨ ਦੀ 8ਵੀਂ ਵਰ੍ਹੇਗੰਢ ਮਨਾਉਣ ਲਈ, ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਨੇ ‘ਚੰਡੀਗੜ੍ਹ ਬਾਈਟਸ’ ਅਤੇ ਹੋਰ ਸ਼ਹਿਰ ਵਾਸੀਆਂ ਨੂੰ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਦੌਰਾ ਕਰਵਾਇਆ। ਮਹਿਮਾਨਾਂ ਨੇ ‘ਬਰੇਨ ਆਫ ਸਿਟੀ’ ਤਹਿਤ ਚੰਡੀਗੜ੍ਹ ਸਮਾਰਟ ਸਿਟੀ ਦੇ ਆਈਸੀਸੀਸੀ ਪ੍ਰਾਜੈਕਟ ਅਧੀਨ ਕੀਤੇ ਜਾ ਰਹੇ ਈ-ਗਵਰਨੈਂਸ, ਡੇਟਾ ਏਕੀਕਰਨ, ਸੀਸੀਟੀਵੀ ਨਿਗਰਾਨੀ, ਚਲਾਨ ਪ੍ਰਣਾਲੀ ਅਤੇ ਹੋਰ ਸੇਵਾਵਾਂ ਦੀ ਪ੍ਰਣਾਲੀ ਨੂੰ ਦੇਖਿਆ। ਚੰਡੀਗੜ੍ਹ ਸਮਾਰਟ ਸਿਟੀ ਲਿਮਿਟਿਡ ਦੀ ਸੀਈਓ ਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸੀਸੀਟੀਵੀ ਨਿਗਰਾਨੀ ਕੈਮਰਿਆਂ ਨਾਲ ਵਾਹਨ ਚੋਰੀ, ਗੈਰ-ਜ਼ਿੰਮੇਵਾਰਾਨਾ ਡਰਾਈਵਿੰਗ, ਗ਼ੈਰ-ਕਾਨੂੰਨੀ ਪਾਰਕਿੰਗ ‘ਤੇ ਹੋਰ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਘਟਾਇਆ ਹੈ। ਉਨ੍ਹਾਂ ਦੱਸਿਆ ਕਿ ਸਿਟੀ ਸਟੇਕ ਹੋਲਡਰਾਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਮੁੱਖ ਲੋਕਾਂ ਦੇ ਆਈਸੀਸੀਸੀ ਦੌਰੇ ਦਾ ਸਮੇਂ-ਸਮੇਂ ‘ਤੇ ਪ੍ਰਬੰਧ ਕੀਤਾ ਜਾਂਦਾ ਹੈ।