ਸ਼ਰਧਾਂਜਲੀਆਂ ਭੇਟ ਕਰਕੇ ਕਾਰਗਿਲ ਦਿਵਸ ਮਨਾਇਆ
ਪੀ. ਪੀ. ਵਰਮਾ
ਪੰਚਕੂਲਾ 26, ਜੁਲਾਈ
ਪੰਚਕੂਲਾ ਦੇ ਸ਼ਹੀਦ ਮੇਜਰ ਸੰਦੀਪ ਸਾਪਲਾ ਮੈਮੋਰੀਅਲ ਸਮਾਰਕ ਸੈਕਟਰ-2 ਵਿੱਚ ਅੱਜ ਕਰਗਿਲ ਦਿਵਸ ਮਨਾਇਆ ਗਿਆ। ਇਸ ਸਬੰਧੀ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੇ ਕਰਵੀਨਰ ਸਾਬਕਾ ਬ੍ਰਗੇਡੀਅਰ ਕਿਰਨ ਕਿਸ਼ਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਫ਼ੌਜ ਦੇ ਸਾਬਕਾ ਮੁੱਖੀ ਜਨਰਲ ਵੀ.ਕੇ ਮਲਿਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਰਿਟਾਇਰਡ ਬ੍ਰਿਗੇਡੀਅਰ ਜੀ.ਜੇ. ਸਿੰਘ ਤੋਂ ਇਲਾਵਾ ਲੈਫਟੀਨੈਂਟ ਕਰਨਲ ਜੇ.ਐੱਸ ਕੰਵਰ ਨੇ ਵੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਦੱਸਿਆ ਕਿ ਅੱਜ ਕਾਰਗਿਲ ਦਿਵਸ ’ਤੇ ਹਾਲ ਹੀ ਵਿੱਚ ਜਿਹੜੇ 20 ਜਵਾਨ ਗਲਵਾਨ ਵੈਲੀ ਵਿੱਚ ਸ਼ਹੀਦ ਹੋ ਗਏ ਸਨ, ਨੂੰ ਵੀ ਯਾਦ ਕੀਤਾ ਗਿਆ।
ਇਸੇ ਤਰ੍ਹਾਂ ਅੱਜ ਸੈਕਟਰ-12ਏ ਸਥਿਤ ਸ਼ਹੀਦ ਯਾਦਗਾਰੀ ਮੈਮੋਰੀਅਲ ’ਤੇ ਵੀ ਕਾਰਗਿਲ ਦਿਵਸ ਮਨਾਇਆ ਗਿਆ। ਇੱਥੇ ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਚੜ੍ਹਾਏ।
ਚੰਡੀਗੜ੍ਹ (ਪੱਤਰ ਪ੍ਰੇਰਕ): ਕਾਰਗਿੱਲ ਵਿਜੈ ਦਿਵਸ ਮੌਕੇ ਅੱਜ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ-3 (ਲੜਕਿਆਂ) ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਐੱਸ.ਕੇ. ਤੋਮਰ ਦੀ ਅਗਵਾਈ ਹੇਠ ਇਕੱਤਰ ਹੋਏ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕਾਰਗਿੱਲ ਦੇ ਸ਼ਹੀਦ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਦੀਆਂ ਵੱਖ ਵੱਖ ਸੰਸਥਾਵਾਂ ਨੇ ਆਪਣੇ ਆਪਣੇ ਢੰਗ ਨਾਲ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਸਾਬਕਾ ਸੈਨਿਕ ਵੈਲਫੇਅਰ ਕਮੇਟੀ ਅੰਬਾਲਾ ਦੇ ਮੈਂਬਰਾਂ ਵੱਲੋਂ ਪ੍ਰਧਾਨ ਸੂਬੇਦਾਰ ਅਤਰ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਸ਼ਹਿਰ ਦੀ ਪੁਲੀਸ ਲਾਈਨ ਸਥਿਤ ਸ਼ੌਰੀਆ ਚੌਕ ਵਿਚ ਇਕੱਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੁਦਰਸ਼ਨ ਕੁਮਾਰ ਬੰਸਲ ਚੈਰੀਟੇਬਲ ਟਰੱਸਟ ਵੱਲੋਂ ਸੁਦਰਸ਼ਨ ਆਡੀਟੋਰੀਅਮ ਵਿਚ ਕਾਰਗਿਲ ਵਿਜੈ ਦਿਵਸ ਤੇ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਵਿਧਾਇਕ ਅੰਬਾਲਾ ਅਸੀਮ ਗੋਇਲ ਨੇ ਕੀਤਾ। ਇਸੇ ਤਰ੍ਹਾਂ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਮੈਂਬਰਾਂ ਨੇ ਵੀ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਦੀ ਅਗਵਾਈ ਵਿਚ ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ।
ਭਾਜਪਾ ਨੇ 2500 ਬੂਟੇ ਲਗਾਏ
ਚੰਡੀਗੜ੍ਹ (ਟ੍ਰਬਿਿਊਨ ਨਿਊਜ਼ ਸਰਵਿਸ): ਕਾਰਗਿਲ ਯੁੱਧ ਦੀ ਜਿੱਤ ਦੇ 21 ਸਾਲ ਪੂਰੇ ਹੋਣ ’ਤੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਗਏ। ਇਸ ਸਬੰਧੀ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਨ ਸੂਦ ਨੇ ਦੱਸਿਆ ਕਿ ਭਾਜਪਾ ਦੇ ਵੱਖ ਵੱਖ ਮੋਰਚਿਆਂ ਅਤੇ ਪਾਰਟੀ ਆਗੂਆਂ ਨੇ ਸ਼ਹਿਰ ਵਿੱਚ 2500 ਤੋਂ ਵੱਧ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਬੂਟੇ ਦੀ ਦੇਖ-ਭਾਲ ਭਾਜਪਾ ਆਗੂਆਂ ਵੱਲੋਂ ਕੀਤੀ ਜਾਵੇਗੀ। ਸ੍ਰੀ ਸੂਦ ਨੇ ਸ਼ਹੀਦਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਕਾਰਗਿਲ ਦੇ ਜਵਾਨਾਂ ਦੀ ਹਿੰਮਤ ਸਦਕਾ ਅੱਜ ਭਾਰਤ ਵਾਸੀ ਖੁਸ਼ੀ-ਖੁਸ਼ੀ ਜੀਵਨ ਗੁਜ਼ਾਰ ਰਹੇ ਹਨ।
ਸਿਟੀ ਸਾਈਕਲਿੰਗ ਕਲੱਬ ਨੇ ਕਾਰਗਿਲ ਦਿਵਸ ਮੌਕੇ ਸਾਈਕਲ ਰੈਲੀ ਕੱਢੀ
ਸਿਟੀ ਸਾਈਕਲਿੰਗ ਕਲੱਬ ਵੱਲੋਂ ਅੱਜ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਕਢੀ ਗਈ। ਇਹ ਰੈਲੀ ਖਰੜ ਮਿਊਂਸੀਪਲ ਪਾਰਕ ਤੋਂ ਸ਼ੁਰੂ ਹੋ ਕੇ ਮੋਰਿੰਡਾ ਹੁੰਦੇ ਹੋਏ ਕਜੋਲੀ ਨਹਿਰ ਤੋਂ ਸਰਹੰਦ ਰੋਡ ਤੋਂ ਵਾਪਿਸ ਖਰੜ ਆ ਕੇ ਸਮਾਪਤ ਹੋਈ। ਕਲੱਬ ਦੇ ਸਕੱਤਰ ਰੋਹਿਤ ਨੇ ਰੈਲੀ ਕੱਢਣ ਤੋਂ ਪਹਿਲਾਂ ਸਾਰਿਆਂ ਦੇ ਸਾਈਕਲ ਸੈਨੇਟਾਈਜ਼ ਕਰਵਾਏ ਤੇ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ ਦਿੱਤੇ। ਕਲੱਬ ਦੇ ਫਾਊਂਡਰ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਰੈਲੀ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੱਢੀ ਗਈ ਹੈ।