ਕੋਠਾ ਗੁਰੂ ਤੇ ਪੈਰਾਡਾਈਜ਼ ਪਬਲਿਕ ਸਕੂਲ ’ਚ ਤੀਆਂ ਮਨਾਈਆਂ
ਜ਼ੀਰਾ: ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ ਵਿੱਚ ਚੇਅਰਮੈਨ ਹਰਜੀਤ ਸਿੰਘ ਸਿੱਧੂ, ਅਮਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਤੀਆਂ ਮਨਾਈਆਂ ਗਈਆਂ।
ਇਸ ਮੌਕੇ ਰੰਗ ਬਿਰੰਗੇ ਪੰਜਾਬੀ ਪਹਿਰਾਵਿਆਂ ਅਤੇ ਗਹਿਣਿਆਂ ਨਾਲ ਸਜੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਗੀਤ, ਟੱਪੇ ਸੁਣਾ ਕੇ ਅਤੇ ਗਿੱਧਾ ਪਾ ਕੇ ਸਭ ਦਾ ਮਨ ਮੋਹ ਲਿਆ। ਵਿਦਿਆਰਥਣਾਂ ਨੇ ਪੀਂਘਾਂ ਝੂਟੀਆਂ। ਇਸ ਮੌਕੇ ਵਧੀਆ ਪੇਸ਼ਕਾਰੀ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਖੁਸ਼ਹਾਲ ਵਿਰਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ, ਵਿਦਿਆਰਥੀ ਹਮੇਸ਼ਾਂ ਆਪਣੇ ਵਿਰਸੇ ਨਾਲ ਜੁੜ ਕੇ ਰਹਿਣ। ਇਸ ਮੌਕੇ ਸਿਮਰਨ, ਨਵਨੀਤ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਭਗਤਾ ਭਾਈ: ਪਿੰਡ ਕੋਠਾ ਗੁਰੂ ਵਿੱਚ ਵਾਰਡ ਨੰਬਰ 7 ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ‘ਤੀਆਂ ਤੀਜ ਦੀਆਂ’ ਦੇ ਰੂਪ ਵਿਚ ਮਨਾਇਆ। ਸਮਾਗਮ ਦੌਰਾਨ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਲੜਕੀਆਂ ਤੇ ਔਰਤਾਂ ਨੇ ਗਿੱਧੇ ਦੀ ਧਮਾਲ ਪਾਉਂਦਿਆਂ ਚੰਗਾ ਰੰਗ ਬੰਨ੍ਹਿਆ। ਸਮਾਗਮ ਦੇ ਪ੍ਰਬੰਧਕ ਡਾ. ਸੋਮ ਖਾਨ ਕੋਠਾਗੁਰੂ ਨੇ ਦੱਸਿਆ ਕਿ ਇਸ ਮੌਕੇ ਇਕੱਤਰ ਔਰਤਾਂ ਨੇ ਲੋਪ ਹੋ ਰਹੇ ਤੀਆਂ ਦੇ ਤਿਉਹਾਰ ਨੂੰ ਮੁੜ ਜੀਵਤ ਰੱਖਣ ਦਾ ਪ੍ਰਣ ਲਿਆ ਅਤੇ ਹਰ ਸਾਲ ਇਸੇ ਤਰ੍ਹਾਂ ਹੀ ਇਕੱਠੀਆਂ ਹੋ ਕੇ ਇਸ ਤਿਉਹਾਰ ਨੂੰ ਮਨਾਉਣ ਫ਼ੈਸਲਾ ਲਿਆ।
ਇਸ ਦੌਰਾਨ ਛੋਟੀਆਂ ਬੱਚੀਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ਰਨਜੀਤ ਕੌਰ, ਹੁਸੀਨਾ ਬੇਗਮ, ਜਤਿੰਦਰ ਕੌਰ, ਗੁਰਜੀਤ ਕੌਰ, ਰਾਜਵਿੰਦਰ ਕੌਰ, ਪ੍ਰਵੀਨ ਖਾਨ, ਲਖਵਿੰਦਰ ਕੌਰ, ਹਰਬੰਸ ਕੌਰ, ਰਾਣੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ