ਬੀਟਿੰਗ ਰੀਟ੍ਰੀਟ ਨਾਲ ਗਣਤੰਤਰ ਦਿਵਸ ਦੇ ਜਸ਼ਨ ਮੁੱਕੇ
ਨਵੀਂ ਦਿੱਲੀ, 29 ਜਨਵਰੀ
ਇਥੇ ਵਿਜੈ ਚੌਕ ਵਿੱਚ ਬੀਟਿੰਗ ਰੀਟ੍ਰੀਟ ਦੀ ਰਸਮ ਨਾਲ ਗਣਤੰਤਰ ਦਿਵਸ ਜਸ਼ਨਾਂ ਦੇ ਪ੍ਰੋਗਰਾਮ ਸਮਾਪਤ ਹੋ ਗਏ। ਜਸ਼ਨਾਂ ਦੇ ਆਖਰੀ ਦਿਨ ਬੀਟਿੰਗ ਰੀਟ੍ਰੀਟ ਰਸਮ ਮੌਕੇ ਦਿੱਲੀ ਦੇ ਐਨ ਵਿਚਾਲੇ ਰਾਇਸੀਨਾ ਹਿੱਲਜ਼ ‘ਸ਼ੰਖਨਾਦ’ ਤੇ ਵੱਖ ਵੱਖ ਬੈਂਡਾਂ ਦੀਆਂ ਧੁੁਨਾਂ ਨਾਲ ਗੂੰਜ ਉੱਠਿਆ।
ਸਮਾਗਮ ਵਿੱਚ ਰਾਸ਼ਟਰਪਤੀ ਤੇ ਹਥਿਆਰਬੰਦ ਬਲਾਂ ਦੀ ਸੁਪਰੀਮ ਕਮਾਂਡਰ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹੋਰ ਕੇਂਦਰੀ ਮੰਤਰੀ ਸ਼ਾਮਲ ਹੋਏ। ਇਸ ਮੌਕੇ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਤਿੰਨ ਸੈਨਾਵਾਂ ਦੇ ਮੁਖੀ- ਜਨਰਲ ਮਨੋਜ ਪਾਂਡੇ, ਏਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਤੇ ਐਡਮਿਰਲ ਆਰ.ਹਰੀ ਕੁਮਾਰ, ਭਾਰਤ ਦੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ, ਸੀਨੀਅਰ ਅਧਿਕਾਰੀ ਤੇ ਆਮ ਲੋਕ ਹਾਜ਼ਰ ਸਨ। ਸਮਾਗਮ ਸ਼ਾਮੀਂ ਸਵਾ ਪੰਜ ਵਜੇ ਦੇ ਕਰੀਬ ਸ਼ੁਰੂ ਹੋਇਆ। ਸਮਾਗਮ ਦਾ ਆਗਾਜ਼ ਬੈਂਡ ਦੇ ‘ਸ਼ੰਖਨਾਦ’ ਨਾਲ ਹੋਇਆ। ਮਿਲਟਰੀ ਤੇ ਪੈਰਾਮਿਲਟਰੀ ਬੈਂਡਜ਼ ਨੇ ਵੱਖ ਵੱਖ ਧੁਨਾਂ ਵਜਾਈਆਂ। ਮਗਰੋਂ ਪਾਈਪਜ਼ ਤੇ ਡਰੱਮਜ਼ ਬੈਂਡ ਨੇ ‘ਵੀਰ ਭਾਰਤ’, ‘ਸੰਗਮ ਦੁਰ’, ‘ਕੇਸਰੀਆ ਬਾਨਾ’ ਤੇ ‘ਦੇਸ਼ੋਂ ਕਾ ਸਰਤਾਜ ਭਾਰਤ’ ਧੁਨਾਂ ਪੇਸ਼ ਕੀਤੀਆਂ ਤੇ ਉਨ੍ਹਾਂ ‘ਚੱਕਰਵਿਊ’ ਤੇ ‘ਵਸੂਧੈਵ ਕੁਟੁੰਬਕਮ’ ਦੀ ਆਕ੍ਰਿਤੀ ਬਣਾਈ। -ਪੀਟੀਆਈ
ਸੀਆਰਪੀਐੱਫ ਨੇ ਜਿੱਤੀ ਬੈਸਟ ਮਾਰਚਿੰਗ ਟੁੱਕੜੀ ਦੀ ਟਰਾਫੀ
ਨਵੀਂ ਦਿੱਲੀ: ਦਿੱਲੀ ਪੁਲੀਸ ਤੇ ਸੀਆਰਪੀਐੱਫ ਨੂੰ ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਲਈ ਬੈਸਟ ਮਾਰਚਿੰਗ ਕੰਟਿਨਜੈਂਟਸ ਚੁਣਿਆ ਗਿਆ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਦਸਤਾਵੇਜ਼ ਮੁਤਾਬਕ ਦਿੱਲੀ ਪੁਲੀਸ ਨੇ ਬੈਸਟ ਵਿਮੈੱਨ ਕੰਟਿਨਜੈਂਟ ਟਰਾਫੀ ‘ਜੱਜਿਜ਼ ਚੁਆਇਸ ਸ਼੍ਰੇਣੀ’ ਤੇ ਸੀਆਰਪੀਐੱਫ ਨੇ ‘ਪਾਪੂਲਰ ਚੁਆਇਸ ਸ਼੍ਰੇਣੀ’ ਵਿੱਚ ਜਿੱਤੀ ਹੈ। ਰੱਖਿਆ ਰਾਜ ਮੰਤਰੀ ਭਲਕੇ ਦਿੱਲੀ ਛਾਉਣੀ ਵਿਚਲੇ ਆਰਆਰ ਕੈਂਪ ’ਚ ਰੱਖੇ ਸਮਾਗਮ ਦੌਰਾਨ ਜੇਤੂਆਂ ਨੂੰ ਟਰਾਫੀਆਂ ਦੇਣਗੇ। -ਪੀਟੀਆਈ