ਜਲੰਧਰ ਪੱਛਮੀ ਹਲਕੇ ਵਿੱਚ ‘ਆਪ’ ਦੀ ਜਿੱਤ ਦੇ ਜਸ਼ਨ ਮਨਾਏ
ਪੱਤਰ ਪ੍ਰੇਰਕ
ਧੂਰੀ, 13 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਜਿੱਤਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਉਕਤ ਸੀਟ ’ਤੇ ਹਲਕਾ ਧੂਰੀ ਤੋਂ ਪਾਰਟੀ ਦੇ ਵੱਡੀ ਗਿਣਤੀ ਆਗੂ ਵਰਕਰਾਂ ਨੇ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਦੀ ਅਗਵਾਈ ਹੇਠ ਪਾਰਟੀ ਉਮੀਦਵਾਰ ਦੀ ਜਿੱਤ ਲਈ ਪੱਕੇ ਡੇਰੇ ਲਗਾਏ ਹੋਏ ਸਨ। ਪਾਰਟੀ ਵਰਕਰਾਂ ਦੀ ਹੌਸਲਾ-ਅਫ਼ਜ਼ਾਈ ਲਈ ਖਾਸ ਤੌਰ ’ਤੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਪਾਰਟੀ ਦੇ ਆਗੂ ਵਰਕਰਾਂ ਦੀ ਮਿਹਨਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੱਡੀ ਲੀਡ ਨਾਲ ਪ੍ਰਾਪਤ ਕੀਤੀ ਇਸ ਸ਼ਾਨਾਮੱਤੀ ਜਿੱਤ ਨੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਹਨ ਅਤੇ ਲੋਕਾਂ ਨੇ ਮੁੱਖ ਮੰਤਰੀ ਦੇ ਲੋਕ-ਪੱਖੀ ਕੰਮਾਂ ’ਤੇ ਮੋਹਰ ਲਗਾਕੇ ਸਿਆਸੀ ਥਾਪੜਾ ਦਿੱਤਾ ਹੈ। ਇਸ ਮੌਕੇ ਦਫ਼ਤਰ ਦੇ ਇੰਚਾਰਜ ਅਮ੍ਰਿਤਪਾਲ ਸਿੰਘ ਬਰਾੜ, ਟੀਮ ਮੈਂਬਰ ਅਮੀਰ ਸਿੰਘ ਤੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸੋਕ ਕੁਮਾਰ ਲੱਖਾ ਆਦਿ ਹਾਜ਼ਰ ਸਨ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ਵਿੱਚ ਅੱਜ ਆਮ ਆਦਮੀ ਪਾਰਟੀ ਸੰਗਰੂਰ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਕੱਤਰ ਪਾਰਟੀ ਵਰਕਰਾਂ ਨੇ ਨਵੇਂ ਚੁਣੇ ਵਿਧਾਇਕ ਮਹਿੰਦਰ ਭਗਤ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਯੂਥ ਆਗੂ ਸੋਨੂੰ ਸਿੰਘ, ਗੋਬਿੰਦ ਛਾਬੜਾ, ਰਕੇਸ਼ ਅਰੋੜਾ, ਹਰਪਾਲ ਸਿੰਘ, ਹਰਿੰਦਰ ਸ਼ਰਮਾ, ਡਾਕਟਰ ਧਨਵੰਤ ਸਿੰਘ, ਰਜਿੰਦਰ ਸਿੰਘ ਰਾਜੂ, ਨਰਿੰਦਰ ਵਰਮਾ, ਗੁਲਜ਼ਾਰ ਸਿੰਘ ਤੇ ਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ।
ਪਟਿਆਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦੀ ਖ਼ੁਸ਼ੀ ਵਿਚ ਅੱਜ ਪਟਿਆਲਾ ਦੀ ਆਮ ਟੀਮ ਨੇ ਖ਼ੂਬ ਖ਼ੁਸ਼ੀਆਂ ਮਨਾਈਆਂ ਤੇ ਲੱਡੂ ਵੰਡੇ। ਇੱਥੇ ਪੰਚਾਇਤ ਭਵਨ ਵਿਚ ਪੁੱਜੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਇੱਥੇ ‘ਆਪ’ ਆਗੂਆਂ ਨੇ ਭੰਗੜੇ ਪਾਏ ਤੇ ਬਰਸਟ ਨੂੰ ਜਿੱਤ ਦੀ ਵਧਾਈ ਦਿੱਤੀ। ਗੱਜਣ ਸਿੰਘ, ਜਸਬੀਰ ਸਿੰਘ ਗਾਂਧੀ ਤੋਂ ਇਲਾਵਾ ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਟੀਮ ਨੇ ਵੀ ਖ਼ੁਸ਼ੀਆਂ ਮਨਾਈਆਂ। ਇੱਥੇ ਹੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਪਟਿਆਲਾ ਇੰਪਰੂਵਮੈਂਟ ਤੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਦੀ ਟੀਮ ਨੇ ਦਿਹਾਤੀ ਦੇ ਆਦਰਸ਼ ਨਗਰ ਦੇ ਦਫ਼ਤਰ ਵਿਚ ਭੰਗੜੇ ਪਾਏ ਤੇ ਲੱਡੂ ਵੰਡੇ ਗਏ।
ਲੋਕਾਂ ਨੇ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ: ਪਠਾਣਮਾਜਰਾ
ਦੇਵੀਗੜ੍ਹ (ਪੱਤਰ ਪ੍ਰੇਰਕ): ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਜਲੰਧਰ ਪੱਛਮੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ। ਪਠਾਣਮਾਜਰਾ ਨੇ ਕਿਹਾ ਕਿ ਮਹਿੰਦਰ ਭਗਤ ਈਮਾਨਦਾਰ ਵਿਅਕਤੀ ਹਨ।