ਗਾਜ਼ਾ ਵਿੱਚ ਗੋਲੀਬੰਦੀ
ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਵਾਰਤਾਵਾਂ ਸਦਕਾ ਇਸਰਾਈਲ ਅਤੇ ਹਮਾਸ ਵਿਚਕਾਰ ਗੋਲੀਬੰਦੀ ਦਾ ਸਮਝੌਤਾ ਸਿਰੇ ਚੜ੍ਹ ਗਿਆ ਹੈ ਜਿਸ ਨਾਲ ਗਾਜ਼ਾ ਵਿੱਚ ਚੱਲ ਰਹੀ ਕਤਲੋਗ਼ਾਰਤ ਵਿੱਚ ਵਿਰਾਮ ਲੱਗ ਗਿਆ ਹੈ ਪਰ ਫਿਰ ਵੀ ਅਨਿਸ਼ਚਤਾਵਾਂ ਬਣੀਆਂ ਹੋਈਆਂ ਹਨ ਕਿ ਕੀ ਇਸ ਨਾਲ ਜ਼ਮੀਨੀ ਪੱਧਰ ’ਤੇ ਪੀੜਤ ਲੋਕਾਂ ਨੂੰ ਕੋਈ ਰਾਹਤ ਮਿਲ ਸਕੇਗੀ ਜਾਂ ਨਹੀਂ ਕਿਉਂਕਿ ਸਮਝੌਤੇ ਦੀਆਂ ਖ਼ਬਰਾਂ ਆਉਣ ਦੇ ਬਾਵਜੂਦ ਇਸਰਾਇਲੀ ਫ਼ੌਜ ਵੱਲੋਂ ਹਮਲੇ ਕੀਤੇ ਜਾ ਰਹੇ ਸਨ। ਪਿਛਲੇ 15 ਮਹੀਨਿਆਂ ਤੋਂ ਚੱਲ ਰਹੀ ਇਸ ਖ਼ੂਨੀ ਜੰਗ ਵਿੱਚ 45 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਗਾਜ਼ਾ ਪੱਟੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਗਈ ਹੈ ਜਿਸ ਦੇ ਮੱਦੇਨਜ਼ਰ ਜੰਗਬੰਦੀ ਦੀ ਇਸ ਪਹਿਲ ਤੋਂ ਲੋਕਾਂ ਨੂੰ ਕੋਈ ਖ਼ਾਸ ਖੁਸ਼ੀ ਨਹੀਂ ਹੋਈ। ਜੰਗਬੰਦੀ ਪੜਾਅਵਾਰ ਲਾਗੂ ਕੀਤੀ ਜਾਵੇਗੀ ਜਿਸ ਕਰ ਕੇ ਇਸ ਦੀ ਅਜ਼ਮਾਇਸ਼ ਵੀ ਹੋਵੇਗੀ। ਪਹਿਲੇ ਛੇ ਹਫ਼ਤਿਆਂ ਦੇ ਪੜਾਅ ਵਿੱਚ ਬੰਧਕ ਅਤੇ ਕੈਦੀਆਂ ਦਾ ਤਬਾਦਲਾ ਕੀਤਾ ਜਾਵੇਗਾ, ਮਾਨਵੀ ਇਮਦਾਦ ਮੁਹੱਈਆ ਕਰਵਾਉਣ ਅਤੇ ਫ਼ਲਸਤੀਨੀਆਂ ਨੂੰ ਆਪਣੀਆਂ ਜ਼ਿੰਦਗੀਆਂ ਨੂੰ ਮੁੜ ਲੀਹ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਲਈ ਰਾਹ ਪੱਧਰਾ ਕੀਤਾ ਜਾਵੇਗਾ। ਉਂਝ, ਸਮਝੌਤੇ ਦੀਆਂ ਸ਼ਰਤਾਂ ਨੂੰ ਲੈ ਕੇ ਅਸਪਸ਼ਟਤਾ ਬਣੀ ਹੋਈ ਹੈ ਜਿਸ ਕਰ ਕੇ ਟਕਰਾਅ ਮੁੜ ਭੜਕਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਅਗਲੇ ਪੜਾਵਾਂ ਬਾਰੇ ਬਹੁਤੇ ਵੇਰਵੇ ਤੈਅ ਨਹੀਂ ਹੋ ਸਕੇ ਜਿਸ ਕਰ ਕੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਸਮਝੌਤੇ ਦਾ ਆਧਾਰ ਬਹੁਤ ਕਮਜ਼ੋਰ ਹੈ।
ਇਸਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਘਰੇਲੂ ਸਿਆਸੀ ਉਲਝਣਾਂ ਵਿੱਚ ਘਿਰੇ ਹੋਏ ਹਨ ਅਤੇ ਉਨ੍ਹਾਂ ਉੱਪਰ ਮਸਲੇ ਦਾ ਸਥਾਈ ਹੱਲ ਤਲਾਸ਼ ਕਰਨ ਲਈ ਭਾਰੀ ਦਬਾਅ ਹੈ। ਇਸੇ ਤਰ੍ਹਾਂ ਹਮਾਸ ਨੂੰ ਆਪਣੀ ਘਰੇਲੂ ਤਾਕਤ ਨੂੰ ਬਾਹਰੀ ਸ਼ਕਤੀ ਸਮਤੋਲ ਅਨੁਸਾਰ ਢਾਲਣਾ ਪਵੇਗਾ ਕਿਉਂਕਿ ਜੇ ਜੰਗਬੰਦੀ ਟੁੱਟਦੀ ਹੈ ਤਾਂ ਗਾਜ਼ਾ ਉੱਪਰ ਇਸ ਦੀ ਪਕੜ ਦੇ ਕਮਜ਼ੋਰ ਪੈਣ ਦਾ ਖ਼ਤਰਾ ਹੈ। ਜੰਗਬੰਦੀ ਦਾ ਸਮਝੌਤਾ ਸਿਰੇ ਚੜ੍ਹਾਉਣ ਵਿੱਚ ਕਤਰ, ਮਿਸਰ ਅਤੇ ਅਮਰੀਕਾ ਦੀ ਭੂਮਿਕਾ ਕਾਫ਼ੀ ਅਹਿਮ ਰਹੀ ਹੈ ਪਰ ਇਸ ਖ਼ਿੱਤੇ ਅੰਦਰ ਹੰਢਣਸਾਰ ਅਮਨ ਯਕੀਨੀ ਬਣਾਉਣ ਲਈ ਕੂਟਨੀਤਕ ਭੱਜ ਨੱਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦਰਕਾਰ ਹੈ। ਗਾਜ਼ਾ ਦੇ ਲੋਕਾਂ ਨੂੰ ਇਸ ਸਮਝੌਤੇ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਮਲਬੇ ਦੇ ਢੇਰਾਂ ’ਚੋਂ ਸਹੇਜ ਕੇ ਮੁੜ ਖੜੇ ਹੋਣ ਦਾ ਮੌਕਾ ਮਿਲਿਆ ਹੈ ਪਰ ਨਿਰਮਾਣ ਲਈ ਸਿਆਸੀ ਅਤੇ ਹਰ ਕਿਸਮ ਦੀ ਇਮਦਾਦ ਦੀ ਲੋੜ ਪਵੇਗੀ। ਇਸਰਾਈਲ ਲਈ ਬੰਧਕਾਂ ਦੀ ਰਿਹਾਈ ਇੱਕ ਜਿੱਤ ਦਾ ਅਹਿਸਾਸ ਤਾਂ ਹੋਵੇਗਾ ਪਰ ਇਸ ਲਈ ਅਦਾ ਕੀਤੀ ਗਈ ਜਾਨ-ਮਾਲ ਦੀ ਕੀਮਤ ਦਾ ਲੇਖਾ-ਜੋਖਾ ਉਨ੍ਹਾਂ ਨੂੰ ਲੰਮੇ ਅਰਸੇ ਤੱਕ ਪ੍ਰੇਸ਼ਾਨ ਕਰਦਾ ਰਹੇਗਾ। ਆਲਮੀ ਭਾਈਚਾਰੇ ਨੂੰ ਹੋਰ ਸਮਾਂ ਨਾ ਗੁਆਉਂਦੇ ਹੋਏ ਸਥਾਈ ਅਮਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਅਤੇ ਇਸ ਦੇ ਨਾਲ ਹੀ ਮਾਨਵੀ ਇਮਦਾਦ ਫੌਰੀ ਮੁਹੱਈਆ ਕਰਾਉਣ ਦੀ ਲੋੜ ਹੈ। ਆਉਣ ਵਾਲੇ ਕੁਝ ਹਫ਼ਤੇ ਸਾਰੀਆਂ ਧਿਰਾਂ ਲਈ ਅਜ਼ਮਾਇਸ਼ ਭਰੇ ਹੋਣਗੇ।