ਨਵੀਂ ਦਿੱਲੀ, 19 ਦਸੰਬਰਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੀ ਮੌਤ ਮਾਮਲੇ ਦੀ ਜਾਂਚ ਲਈ ਬਣਾਈ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ਵਿਚ 8 ਦਸੰਬਰ 2021 ਨੂੰ ਹੋਏ ਐੱਮਆਈ-17 ਵੀ5 ਹੈਲੀਕਾਪਟਰ ਹਾਦਸੇ ਦਾ ਕਾਰਨ ‘ਮਨੁੱਖੀ ਗ਼ਲਤੀ’ ਨੂੰ ਦੱਸਿਆ ਹੈ। ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੇ ਕਈ ਹੋਰਨਾਂ ਹਥਿਆਰਬੰਦ ਬਲਾਂ ਦੇ ਕਰਮੀਆਂ ਦੀ ਉਦੋਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦਾ ਫੌਜੀ ਹੈਲੀਕਾਪਟਰ ਤਾਮਿਲ ਨਾਡੂ ਦੇ ਕੁੰਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਸੰਸਦ ਵਿਚ ਮੰਗਲਵਾਰ ਨੂੰ ਪੇਸ਼ ਕੀਤੀ ਗਈ ਰਿਪੋਰਟ ਵਿਚ ਰੱਖਿਆ ਸਬੰਧੀ ਸਥਾਈ ਕਮੇਟੀ ਨੇ 13ਵੀਂ ਰੱਖਿਆ ਯੋਜਨਾ ਦੇ ਅਰਸੇ ਦੌਰਾਨ ਹੋਈ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦੇ ਹਾਦਸਿਆਂ ਦੀ ਗਿਣਤੀ ਬਾਰੇ ਅੰਕੜੇ ਸਾਂਝੇ ਕੀਤੇ ਸਨ। ਇਸ ਦੌਰਾਨ ਕੁੱਲ 34 ਹਾਦਸੇ ਹੋਏ ਜਿਨ੍ਹਾਂ ਵਿਚ 2021-22 ਵਿਚ ਭਾਰਤੀ ਹਵਾਈ ਸੈਨਾ ਦੇ ਨੌਂ ਜਹਾਜ਼ਾਂ ਨਾਲ ਹਾਦਸੇ ਹੋਏ ਤੇ 2018-19 ਵਿਚ 11 ਜਹਾਜ਼ ਹਾਦਸੇ ਸ਼ਾਮਲ ਹਨ। ਰਿਪੋਰਟ ਦੇ ‘ਕਾਰਣ’ ਵਾਲੇ ਸਿਰਲੇਖ ਵਿਚ ਹਾਦਸਿਆਂ ਦੀ ਵਜ੍ਹਾ ‘ਮਨੁੱਖੀ ਗ਼ਲਤੀ’ ਦੱਸਿਆ ਗਿਆ ਹੈ। -ਪੀਟੀਆਈ