ਸੀਬੀਐੱਸਈ ਨਤੀਜਾ: ਟਰਾਈਸਿਟੀ ਵਿੱਚ ਲੜਕੀਆਂ ਨੇ ਮਾਰੀ ਬਾਜ਼ੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵਲੋਂ ਅੱਜ ਬਾਰਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਜਿਸ ਵਿਚ ਟਰਾਈਸਿਟੀ ਵਿਚ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ। ਕਾਮਰਸ ਵਿੱਚ ਭਵਨ ਵਿਦਿਆਲਿਆ ਸਕੂਲ ਸੈਕਟਰ-27 ਦੀ ਅਰਸ਼ਪ੍ਰੀਤ ਕੌਰ ਨੇ 98.8 ਫੀਸਦੀ ਅੰਕ ਹਾਸਲ ਕਰ ਕੇ ਟਰਾਈਸਿਟੀ ਵਿੱਚ ਟੌਪ ਕੀਤਾ। ਮੈਡੀਕਲ ਵਿਚ ਸ਼ਿਵਾਲਿਕ ਸਕੂਲ ਦੀ ਬਲਜੋਤ ਕੌਰ ਨੇ 98.4 ਫੀਸਦੀ ਅੰਕ ਹਾਸਲ ਕਰ ਕੇ ਟੌਪ ਕੀਤਾ। ਨਾਨ ਮੈਡੀਕਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਸੈਕਟਰ-26 ਦੀ ਮਿਸ਼ਿਕਾ ਸਿੰਗਲਾ ਦੇ 98.4 ਅੰਕ ਆਏ ਹਨ ਤੇ ਉਸ ਨੇ ਟਰਾਈਸਿਟੀ ਵਿਚ ਟੌਪ ਕੀਤਾ ਹੈ। ਹਿਊਮੈਨੀਟੀਜ਼ ਵਿਚ ਭਵਨ ਵਿਦਿਆਲਿਆ ਪੰਚਕੂਲਾ ਦੀ ਅਨੰਨਿਆ ਪਾਂਡੇ ਨੇ 98.8 ਫੀਸਦੀ ਅੰਕ ਹਾਸਲ ਕਰ ਕੇ ਸਿਖਰਲਾ ਸਥਾਨ ਹਾਸਲ ਕੀਤਾ।
ਸੀਬੀਐੱਸਈ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸ਼ਹਿਰ ਦੇ ਕਈ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਕਈ ਸਕੂਲਾਂ ਦਾ ਨਤੀਜਾ ਪਿਛਲੇ ਸਾਲ ਨਾਲੋਂ ਕਾਫੀ ਚੰਗਾ ਆਇਆ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-45 ਸੀ ਦਾ ਨਤੀਜਾ ਇਸ ਵਾਰ 97.77 ਫੀਸਦੀ ਆਇਆ ਹੈ।
ਇਸ ਤੋਂ ਇਲਾਵਾ ਸਰਕਾਰੀ ਸਕੂਲ ਸੈਕਟਰ-21 ਦਾ ਨਤੀਜਾ ਇਸ ਵਾਰ 97.18 ਫੀਸਦੀ ਹੈ ਜੋ ਪਿਛਲੀ ਵਾਰ 88.86 ਫੀਸਦੀ ਸੀ। ਇਸ ਤੋਂ ਇਲਾਵਾ ਸਰਕਾਰੀ ਸਕੂਲ ਧਨਾਸ ਪੱਛਮੀ ਦਾ ਨਤੀਜਾ 88.16 ਫੀਸਦੀ ਹੈ ਜੋ ਪਿਛਲੀ ਵਾਰ 81.08 ਫੀਸਦੀ ਸੀ। ਸੈਕਟਰ 44 ਬੀ ਦਾ ਨਤੀਜਾ ਪਿਛਲੇ ਸਾਲ ਦੇ 79.7 ਫੀਸਦੀ ਦੀ ਥਾਂ ਇਸ ਵਾਰ 97 ਫੀਸਦੀ ਆਇਆ। ਸਰਕਾਰੀ ਸਕੂਲ ਸੈਕਟਰ-56 ਦਾ ਨਤੀਜਾ 58.79 ਫੀਸਦੀ ਤੋਂ ਵਧ ਕੇ 73.43 ਫੀਸਦੀ ਆਇਆ।
ਯੂਟੀ ਦੇ ਕਈ ਸਕੂਲਾਂ ਵਲੋਂ ਵਧੀਆ ਪ੍ਰਦਰਸ਼ਨ ਕਰਨ ਤੋਂ ਇਲਾਵਾ ਕਈ ਸਕੂਲ ਅਜਿਹੇ ਵੀ ਹਨ ਜਿਨ੍ਹਾਂ ਦਾ ਨਤੀਜਾ ਪਿਛਲੇ ਸਾਲ ਦੇ ਮੁਕਾਬਲੇ ਡਿੱਗਿਆ ਹੈ ਜਿਨ੍ਹਾਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਲਾਨਾ ਸ਼ਾਮਲ ਹੈ। ਇਸ ਸਕੂਲ ਦਾ ਨਤੀਜਾ ਇਸ ਵਾਰ 68.4 ਫੀਸਦੀ ਆਇਆ ਹੈ। ਇਸ ਤੋਂ ਇਲਾਵ ਸੈਕਟਰ-33 ਦੇ ਸਕੂਲ ਦਾ ਨਤੀਜਾ ਇਸ ਵਾਰ 93.40 ਫੀਸਦੀ ਆਇਆ ਹੈ। ਸੈਕਟਰ 37 ਬੀ ਦਾ ਨਤੀਜਾ 93.40 ਫੀਸਦੀ, ਕਰਸਾਨ ਦਾ 75.48 ਫੀਸਦੀ ਆਇਆ। ਯੂਟੀ ਦੇ ਸਰਕਾਰੀ ਸਕੂਲਾਂ ਵਿਚ ਬਾਰ੍ਹਵੀਂ ਜਮਾਤ ਵਿਚੋਂ 11839 ਵਿਦਿਆਰਥੀਆਂ ਵਿਚੋਂ 10501 ਵਿਦਿਆਰਥੀ ਪਾਸ ਹੋਏ। ਇਸ ਵਾਰ ਨਤੀਜਾ 6.54% ਵੱਧ ਆਇਆ ਹੈ।
ਦਸਵੀਂ ਵਿੱਚੋਂ ਅਕਸ਼ਧਾ ਸ਼ਰਮਾ ਤੇ ਸੁਕ੍ਰਿਤੀ ਅਬਰੋਲ ਦੇ 99.2 ਫੀਸਦੀ ਅੰਕਾਂ ਨਾਲ ਬਣੀਆਂ ਟੌਪਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਦੋ ਵਿਦਿਆਰਥੀਆਂ ਨੇ ਟਰਾਈਸਿਟੀ ਵਿਚ ਟੌਪ ਕੀਤਾ ਹੈ ਜਿਨ੍ਹਾਂ ਵਿਚ ਗੁਰੂਕੁਲ ਗਲੋਬਲ ਸਕੂਲ ਮਨੀਮਾਜਰਾ ਦੀ ਅਕਸ਼ਧਾ ਸ਼ਰਮਾ ਤੇ ਸ਼ਿਵਾਲਿਕ ਪਬਲਿਕ ਸਕੂਲ ਸੈਕਟਰ-41 ਦੀ ਸੁਕ੍ਰਿਤੀ ਅਬਰੋਲ ਸ਼ਾਮਲ ਹਨ। ਇਨ੍ਹਾਂ ਦੋਵਾਂ ਦੇ 99.2 ਫੀਸਦੀ ਅੰਕ ਆਏ ਹਨ। ਡਾਕਟਰ ਜੋੜੇ ਦੀ ਧੀ ਅਕਸ਼ਧਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਜ਼ਿਆਦਾਤਰ ਡਾਕਟਰ ਹੀ ਹਨ ਪਰ ਉਹ ਇੰਜਨੀਅਰ ਬਣਨਾ ਚਾਹੁੰਦੀ ਹੈ ਤੇ ਸਿਖਰਲੀ ਆਈਆਈਟੀ ਵਿਚ ਦਾਖਲਾ ਲੈਣ ਦੀ ਚਾਹਵਾਨ ਹੈ। ਉਸ ਨੇ ਸਿਰਫ ਪੜ੍ਹਾਈ ਵੱਲ ਹੀ ਧਿਆਨ ਨਹੀਂ ਦਿੱਤਾ ਬਲਕਿ ਹੋਰ ਗਤੀਵਿਧੀਆਂ ਵਿਚ ਵੀ ਬਰਾਬਰ ਹਿੱਸਾ ਲਿਆ। ਦੂਜੇ ਪਾਸੇ ਸ਼ਿਵਾਲਿਕ ਸਕੂਲ ਦੀ ਸੁਕ੍ਰਿਤੀ ਖੇਡਾਂ ਵਿਚ ਵੀ ਮੋਹਰੀ ਹੈ। ਉਹ ਸ਼ਤਰੰਜ ਦੀ ਕੌਮੀ ਖਿਡਾਰਨ ਹੈ ਤੇ ਫੁਟਬਾਲ ਖੇਡਦੀ ਹੈ। ਦਸਵੀਂ ਜਮਾਤ ਵਿਚ ਟੌਪ ਕਰਨ ਵਾਲੀ ਸੁਕ੍ਰਿਤੀ ਵੀ ਇੰਜਨੀਅਰਿੰਗ ਕਰਨ ਦੀ ਚਾਹਵਾਨ ਹੈ। ਇਸ ਤੋਂ ਇਲਾਵਾ ਸੇਂਟ ਜੌਹਨਜ਼ ਹਾਈ ਸਕੂਲ ਸੈਕਟਰ-26 ਦੇ ਮਾਧਵ ਮੁਦਗਿੱਲ ਦੇ ਦਸਵੀਂ ਜਮਾਤ ਵਿਚ 99 ਫੀਸਦੀ ਅੰਕ ਆਏ ਹਨ।
ਪਡਿਆਲਾ ਦੀ ਮੰਨਤਵੀਰ ਨੇ ਬਾਰ੍ਹਵੀਂ ਵਿੱਚੋਂ 98 ਫੀਸਦ ਅੰਕ ਹਾਸਲ ਕੀਤੇ
ਕੁਰਾਲੀ (ਮਿਹਰ ਸਿੰਘ): ਸਥਾਨਕ ਕੌਂਸਲ ਵਿੱਚ ਪੈਂਦੇ ਪਿੰਡ ਪਡਿਆਲਾ ਦੀ ਮੰਨਤਵੀਰ ਕੌਰ ਨੇ ਸੀਬੀਐੱਸਸੀ ਦੀ ਬਾਰ੍ਹਵੀਂ ਜਮਾਤ ਵਿੱਚੋਂ 98 ਫੀਸਦ ਅੰਕ ਹਾਸਲ ਕਰਕੇ ਪਰਿਵਾਰ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਸਮਾਜ ਸੇਵੀ ਤੇ ਨੌਜਵਾਨ ਆਗੂ ਨਰਿੰਦਰ ਸਿੰਘ ਪਡਿਆਲਾ ਦੀ ਧੀ ਮੰਨਤਵੀਰ ਨੇ ਆਰਟਸ ਸਟਰੀਮ ਵਿੱਚ ਇਹ ਅੰਕ ਹਾਸਲ ਕੀਤੇ ਹਨ। ਨਰਿੰਦਰ ਸਿੰਘ ਪਡਿਆਲਾ ਨੇ ਦੱਸਿਆ ਕਿ ਮੰਨਤਵੀਰ ਚੱਪਰਚਿੜੀ ਦੇ ਜੀਐੱਨ ਫਾਊਂਡੇਸ਼ਨ ਸਕੂਲ ਚੱਪਰਚਿੜੀ ਵਿੱਚ ਪੜ੍ਹ ਰਹੀ ਹੈ।
ਦਿ ਟ੍ਰਿਬਿਊਨ ਸਕੂਲ ’ਚੋਂ ਸੁਕੀਰਤੀ ਅੱਵਲ
ਚੰਡੀਗੜ੍ਹ(ਟਨਸ): ਦਿ ਟ੍ਰਿਬਿਊਨ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੁਕੀਰਤੀ 96.8 ਫੀਸਦ ਅੰਕਾਂ ਨਾਲ ਸਕੂਲ ਵਿਚੋਂ ਅੱਵਲ ਰਹੀ। ਪ੍ਰੀਸ਼ਾ 94 ਫੀਸਦ ਅੰਕਾਂ ਨਾਲ ਦੂਜੇ ਜਦੋਂਕਿ ਦਿਸ਼ਿਤਾ 91.8 ਫੀਸਦ ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। 90 ਫੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਰਨਾਂ ਵਿਦਿਆਰਥੀਆਂ ਵਿਚ ਜਸਵਿੰਦਰ 91.6 ਫੀਸਦ, ਆਸਥਾ 91 ਫੀਸਦ, ਅਰਮਾਨ 90.6 ਫੀਸਦ ਤੇ ਗੌਰੀ 90.2 ਫੀਸਦ ਸ਼ਾਮਲ ਹਨ। ਸਕੂਲ ਦੀ ਪ੍ਰਿੰਸੀਪਲ ਰਾਣੀ ਪੋਦਾਰ ਤੇ ਹੋਰ ਅਧਿਆਪਕਾਂ ਨੇ ਸੁਕੀਰਤੀ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਸੁਕੀਰਤੀ ਅੱਗੇ ਮੈਡੀਕਲ ਵਿਚ ਦਾਖਲਾ ਲੈਣ ਦੀ ਇੱਛੁਕ ਹੈ।
ਫੈਂਸਿੰਗ ਖੇਡਣ ਵਾਲੀ ਕਾਰਮਲ ਕਾਨਵੈਂਟ ਦੀ ਏਕਮ ਤੂਰ ਦੇ 84.8 ਫੀਸਦੀ ਅੰਕ
ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਦੀ ਏਕਮ ਤੂਰ ਦੇ ਬਾਰ੍ਹਵੀਂ ਜਮਾਤ ਵਿਚ 84.8 ਫੀਸਦੀ ਅੰਕ ਆਏ ਹਨ। ਉਸ ਨੇ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਵਲੋਂ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਉਸ ਨੇ ਕੌਮੀ ਤੇ ਸਟੇਟ ਮੁਕਾਬਲਿਆਂ ਵਿਚ ਕਈ ਤਗਮੇ ਜਿੱਤੇ ਹਨ। ਮੁਹਾਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਤੂਰ ਦੀ ਲੜਕੀ ਏਕਮ ਨੇ ਨਵੰਬਰ 2023 ਵਿਚ ਜੰਮੂ ਵਿਚ ਹੋਏ ਫੈਂਸਿੰਗ ਦੇ ਵਿਅਕਤੀਗਤ ਮੁਕਾਬਲੇ ਵਿਚ ਕਾਂਸੇ ਦਾ ਤਗਮਾ ਹਾਸਲ ਕੀਤਾ। ਉਸ ਦੀ ਸਕੂਲ ਦੀ ਟੀਮ ਨੇ ਉਡੀਸਾ ਵਿਚ ਕੌਮੀ ਫੈਂਸਿੰਗ ਮੁਕਾਬਲੇ ਵਿਚ ਕਾਂਸੀ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਨੇ ਨਾਸਿਕ ਵਿਚ ਕਾਂਸੀ ਤਗਮਾ ਹਾਸਲ ਕੀਤਾ। ਏਕਮ ਨੇ ਸਾਲ 2022 ਵਿਚ ਕੁਵੈਤ ਵਿਚ ਹੋਈ ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਵਿਚ ਅੰਤਰ-23 ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਸਾਲ ਥਾਈਲੈਂਡ ਵਿਚ ਵੀ ਟੀਮ ਦੀ ਨੁਮਾਇੰਦਗੀ ਕੀਤੀ। ਉਸ ਨੇ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿਚ 2023 ਵਿਚ ਹੋਏ ਮੁਕਾਬਲੇ ਵਿਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ।
ਆਇਦਾ ਯੂਨਿਸ ਜ਼ਿਲ੍ਹੇ ਵਿੱਚੋਂ ਅੱਵਲ
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੇ ਗੁਰੂਕੁਲ ਸਕੂਲ ਦੀ ਵਿਦਿਆਰਥਣ ਆਇਦਾ ਯੂਨਿਸ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ 98.6 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਰੋਜ਼ਾਨਾ 5 ਘੰਟੇ ਪੜਾਈ ਕਰਨ ਵਾਲੀ ਆਇਦਾ ਨੇ ਇਹ ਮੁਕਾਮ ਹਾਸਲ ਕੀਤਾ ਹੈ ਜੋ ਡਾਕਟਰ ਬਣਨਾ ਚਾਹੁੰਦੀ ਹੈ। ਵੱਡੀ ਗੱਲ ਹੈ ਕਿ ਆਇਦਾ ਯੂਨਿਸ ਟੀਵੀ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਉਸ ਦਾ ਕੋਈ ਅਕਾਊਂਟ ਵੀ ਨਹੀਂ ਹੈ। ਇਸ ਮਿਹਨਤ ਦੇ ਪਿੱਛੇ ਆਇਦਾ ਯੂਨਿਸ ਦੀ ਮਾਂ ਅਤੇ ਸਕੂਲ ਟੀਚਰ ਦਾ ਵੱਡਾ ਹੱਥ ਹੈ।