CBSE: ਸੀਬੀਐੱਸਈ: ਸਾਇੰਸ ਤੇ ਸੋਸ਼ਲ ਸਾਇੰਸ ਨੂੰ ਦੋ ਪੱਧਰਾਂ ’ਚ ਪੜ੍ਹਾਉਣ ਦੀ ਯੋਜਨਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਵਿਗਿਆਨ ਤੇ ਸਮਾਜਿਕ ਵਿਗਿਆਨ ਵਿਚ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਲੈਵਲਾਂ (ਸੌਖਾ ਤੇ ਔਖਾ) ਵਿਚ ਪੜ੍ਹਾਈ ਕਰਨ ਦੀ ਸਹੂਲਤ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਸੀਬੀਐਸਈ ਕਰੀਕੁਲਮ ਕਮੇਟੀ ਵਲੋਂ ਮਨਜ਼ੂਰੀ ਮਿਲ ਗਈ ਹੈ ਪਰ ਇਸ ਨੂੰ ਗਵਰਨਿੰਗ ਬਾਡੀ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਤੋਂ ਪਹਿਲਾਂ ਸਿਰਫ ਦਸਵੀਂ ਦੇ ਵਿਦਿਆਰਥੀਆਂ ਨੂੰ ਗਣਿਤ ਵਿਚ ਹੀ ਇਹ ਸਹੂਲਤ ਮਿਲ ਰਹੀ ਹੈ ਜਿਸ ਤਹਿਤ ਵਿਦਿਆਰਥੀ ਗਣਿਤ ਬੇਸਿਕ ਤੇ ਗਣਿਤ ਸਟੈਂਡਰਡ ਦੀ ਪੜ੍ਹਾਈ ਵਿਚੋਂ ਇਕ ਦੀ ਚੋਣ ਕਰ ਸਕਦੇ ਹਨ। ਸੀਬੀਐਸਈ ਦੀ ਪਹਿਲਕਦਮੀ ਦਾ ਉਦੇਸ਼ ਇਨ੍ਹਾਂ ਦੋ ਵਿਸ਼ਿਆਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਬਿਹਤਰ ਮੌਕੇ ਦੇਣਾ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਵਿਗਿਆਨ ਤੇ ਸਮਾਜਿਕ ਵਿਗਿਆਨ ਵਿਚ ਪੜ੍ਹਾਈ ਦੀ ਵਾਧੂ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ ਤੇ ਉਨ੍ਹਾਂ ਨੂੰ ਐਡਵਾਂਸਡ ਪੱਧਰ ਦੀ ਪੜ੍ਹਾਈ ਹੋਰ ਆਧੁਨਿਕ ਢੰਗ ਤਰੀਕਿਆਂ ਨਾਲ ਕਰਵਾਈ ਜਾਵੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਸਟੈਂਡਰਡ ਤੇ ਐਡਵਾਂਸਡ ਦੇ ਪੇਪਰ ਵੱਖੋਂ ਵੱਖਰੇ ਹੋਣਗੇ ਤੇ ਐਡਵਾਂਸਡ ਵਿਚ ਵਿਦਿਆਰਥੀਆਂ ਨੂੰ ਉਸ ਵਿਸ਼ੇ ਬਾਰੇ ਵਾਧੂ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹ ਅਗਲੇਰੀ ਪੜ੍ਹਾਈ ਵਿਚ ਇਨ੍ਹਾਂ ਵਿਸ਼ਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਹਾਸਲ ਕਰ ਸਕਣ।
ਪ੍ਰੈਕਟੀਕਲ ਪ੍ਰੀਖਿਆਵਾਂ ਲਈ ਨਿਰਦੇਸ਼ ਜਾਰੀ
ਸੀਬੀਐਸਈ ਨੇ ਬੋਰਡ ਜਮਾਤਾਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਪ੍ਰੀਖਿਆਵਾਂ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਦੋ ਦਸੰਬਰ ਨੂੰ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਹੈ। ਇਸ ਵਿਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਤੈਅ ਸਮੇਂ ਵਿਚ ਪ੍ਰੈਕਟੀਕਲ ਦਾ ਸਿਲੇਬਸ ਮੁਕੰਮਲ ਕਰਵਾਉਣ। ਇਸ ਸਬੰਧੀ ਸਕੂਲ ਲੈਬਾਰਟਰੀਆਂ ਤੇ ਹੋਰਾਂ ਦੇ ਬਣਦੇ ਪ੍ਰਬੰਧ ਕਰਨ। ਜੇ ਇਸ ਸਬੰਧੀ ਕੋਈ ਖਾਮੀਆਂ ਰਹਿੰਦੀਆਂ ਹਨ ਤਾਂ ਸੀਬੀਐਸਈ ਨੂੰ ਸੂਚਿਤ ਕੀਤਾ ਜਾਵੇ।