ਸੀਬੀਐੱਸਈ: ਇਕ ਸੈਕਸ਼ਨ ’ਚ 45 ਤੋਂ ਵੱਧ ਵਿਦਿਆਰਥੀ ਨਾ ਰੱਖਣ ਦੀ ਹਦਾਇਤ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੇ ਵੱਡੀ ਗਿਣਤੀ ਸਕੂਲ ਤਕਨੀਕੀ ਸਮੱਸਿਆ ਕਾਰਨ ਜਮਾਤਾਂ ਦੇ ਨਵੇਂ ਸੈਕਸ਼ਨ ਨਹੀਂ ਬਣਾ ਸਕੇ। ਇਸ ਕਾਰਨ ਸਕੂਲਾਂ ਨੇ ਬੋਰਡ ਕੋਲ ਸ਼ਿਕਾਇਤਾਂ ਕੀਤੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਬੋਰਡ ਨੇ ਅੱਜ ਨਵਾਂ ਪੋਰਟਲ ਜਾਰੀ ਕਰ ਦਿੱਤਾ ਹੈ, ਜਿਸ ਲਈ ਸਕੂਲਾਂ ਨੂੰ ਵੱਧ ਜ਼ਮੀਨ ਦੀ ਸਹੂਲਤ ਅਨੁਸਾਰ ਨਵੇਂ ਸੈਕਸ਼ਨ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਲਈ ਬੋਰਡ ਨੇ ਸਕੂਲਾਂ ਨੂੰ 31 ਜੁਲਾਈ ਤੱਕ ਨਵੇਂ ਸਿਰੇ ਤੋਂ ਦਰਖ਼ਾਸਤਾਂ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਇਕ ਵੱਖਰਾ ਸਰਕੁਲਰ ਜਾਰੀ ਕਰ ਕੇ ਸਕੂਲਾਂ ਨੂੰ ਹਰ ਜਮਾਤ ਵਿਚ 45 ਤੋਂ ਵੱਧ ਵਿਦਿਆਰਥੀ ਨਾ ਰੱਖਣ ਦੀ ਹਦਾਇਤ ਕੀਤੀ ਹੈ। ਚੰਡੀਗੜ੍ਹ, ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਕਈ ਸਕੂਲਾਂ ਨੇ ਸੀਬੀਐਸਈ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਸਕੂਲ ਲਈ ਹੋਰ ਜ਼ਮੀਨ ਲੈ ਲਈ ਹੈ ਤੇ ਉਹ ਆਪਣੇ ਸਕੂਲ ਦਾ ਦਾਇਰਾ ਵਧਾ ਕੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਵੱਧ ਸੈਕਸ਼ਨ ਬਣਾਉਣਾ ਚਾਹੁੰਦੇੇ ਹਨ ਪਰ ਉਨ੍ਹਾਂ ਦੀਆਂ ਦਰਖਾਸਤਾਂ ਓਸਿਸ ਪੋਰਟਲ ’ਤੇ ਅਪਲੋਡ ਨਹੀਂ ਹੋ ਰਹੀਆਂ। ਅੱਜ ਬੋਰਡ ਨੇ ਕਿਹਾ ਹੈ ਕਿ ਸਕੂਲਾਂ ਦੀ ਤਕਨੀਕੀ ਸਮੱਸਿਆ ਦੂਰ ਕਰ ਦਿੱਤੀ ਗਈ ਹੈ ਤੇ ਉਹ ਸਾਰਸ ’ਤੇ ਸੈਕਸ਼ਨ ਵਧਾਉਣ ਜਾਂ ਘਟਾਉਣ ਲਈ ਅਪਲਾਈ ਕਰ ਸਕਦੇ ਹਨ। ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਭਾਰਦਵਾਜ ਨੇ ਨਵੀਆਂ ਸ਼ਰਤਾਂ ਦਾ ਪਾਲਣ ਕਰਨ ਲਈ ਕਿਹਾ ਹੈ।