ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਬੀਐੱਸਈ ਵੱਲੋਂ 34 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ

07:10 AM Dec 11, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦੇਸ਼ ਭਰ ਦੇ 34 ਸਕੂਲਾਂ ਨੂੰ ਸੀਬੀਐੱਸਈ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਇਨ੍ਹਾਂ ਸਕੂਲਾਂ ਤੋਂ ਤੀਹ ਦਿਨਾਂ ਅੰਦਰ ਜਵਾਬ ਮੰਗਿਆ ਹੈ। ਇਹ ਨੋਟਿਸ ਸੀਬੀਐੱਸਈ ਵਲੋਂ ਐਫੀਲੀਏਸ਼ਨ ਉਪ-ਨਿਯਮਾਂ, 2018 ਤਹਿਤ ਜਾਰੀ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਸੀਬੀਐੱਸਈ ਬੋਰਡ ਸਕੂਲ ਗੇਮਜ਼ ਵੈਲਫੇਅਰ ਸੁਸਾਇਟੀ (ਸੀਬੀਐੱਸਈ-ਡਬਲਿਊਐੱਸਓ) ਖੇਡ ਮੁਕਾਬਲੇ ਕਰਵਾ ਰਹੀ ਹੈ, ਜਿਸ ਵਿੱਚ ਸਬੰਧਤ ਸਕੂਲ ਹਿੱਸਾ ਲੈ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਸੀਬੀਐੱਸਈ ਨੇ ਸਕੂਲਾਂ ਨੂੰ ਚੌਕਸ ਕੀਤਾ ਸੀ ਕਿ ਇਨ੍ਹਾਂ ਖੇਡਾਂ ਨਾਲ ਸੀਬੀਐੱਸਈ ਦਾ ਕੋਈ ਸਬੰਧ ਨਹੀਂ ਹੈ। ਬੋਰਡ ਨੇ ਹਰ ਸਕੂਲ ਨੂੰ ਨੋਟਿਸ ਜਾਰੀ ਕਰ ਕੇ ਉਸ ਸਕੂਲ ਦੀ ਮਾਨਤਾ ਲੈਣ ਦੀ ਤਰੀਕ ਦਾ ਵੀ ਸਪੱਸ਼ਟ ਜ਼ਿਕਰ ਕੀਤਾ ਹੈ ਕਿ ਜੇ ਸਕੂਲਾਂ ਨੇ ਗੱਲ ਨਾ ਮੰਨੀ ਤਾਂ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ। ਇਸ ਸਬੰਧੀ ਸੀਬੀਐੱਸਈ ਨੇ 30 ਜਨਵਰੀ, 2019 ਦੇ ਪੁਰਾਣੇ ਸਰਕੂਲਰ ਨੰਬਰ 04/2019 ਦਾ ਹਵਾਲਾ ਦਿੱਤਾ ਹੈ, ਜਿਸ ਤਹਿਤ ਐਫੀਲੀਏਸ਼ਨ ਉਪ-ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਗਿਆ ਸੀ। ਇਹ ਨੋਟਿਸ ਸੀਬੀਐੱਸਈ ਦੇ ਜੁਆਇੰਟ ਸਕੱਤਰ ਨੇ ਜਾਰੀ ਕੀਤੇ ਹਨ।

Advertisement

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਵੀ ਮਿਲੇ ਨੋਟਿਸ

ਇਹ ਨੋਟਿਸ ਚੰਡੀਗੜ੍ਹ ਦੇ ਇਕ ਸਰਕਾਰੀ ਤੇ ਦੋ ਨਿੱਜੀ ਸਕੂਲਾਂ ਨੂੰ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10, ਭਵਨ ਵਿਦਿਆਲਿਆ ਸੈਕਟਰ 27 ਤੇ ਸੇਕਰਡ ਹਾਰਟ ਸਕੂਲ ਸੈਕਟਰ 26 ਸ਼ਾਮਲ ਹਨ। ਇਸ ਤੋਂ ਇਲਾਵਾ ਭਵਨ ਵਿਦਿਆਲਿਆ ਪੰਚਕੂਲਾ ਤੇ ਨਿਊ ਇੰਡੀਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 15 ਪੰਚਕੂਲਾ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਅੰਬਾਲਾ, ਜਗਾਧਰੀ ਤੇ ਯਮੁਨਾਨਗਰ ਦੇ ਸਕੂਲਾਂ ਨੂੰ ਨੋਟਿਸ ਮਿਲੇ ਹਨ। ਪੰਜਾਬ ਦੇ ਫਿਰੋਜ਼ਪੁਰ ਦੇ ਡੀਪੀਐੱਸ ਸਕੂਲ ਨੂਰਪੁਰ ਸੇਤੀਆਂ, ਐਲਪਾਈਨ ਵੈਲੀ ਸਕੂਲ ਅਕਲੀਆਂ ਮਾਨਸਾ, ਮਾਊਂਟ ਲਿਟੇਰਾ ਸਕੂਲ ਸੂਲਰ ਰੋਡ ਪਟਿਆਲਾ, ਵਿਵੇਕਾਨੰਦ ਸਕੂਲ ਸਤਿਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਚੰਡੀਗੜ੍ਹ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਕਿਸੇ ਸਕੂਲ ਨੂੰ ਨੋਟਿਸ ਮਿਲਣ ਦੀ ਜਾਣਕਾਰੀ ਨਹੀਂ ਹੈ ਪਰ ਜੇ ਸੀਬੀਐੱਸਈ ਨੇ ਨੋਟਿਸ ਜਾਰੀ ਕੀਤੇ ਹਨ ਤਾਂ ਸੀਬੀਐੱਸਈ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।

Advertisement
Advertisement