ਸੀਬੀਐੱਸਈ ਨੇ ਬੋਰਡ ਜਮਾਤਾਂ ਲਈ ਪ੍ਰੀਖਿਆ ਦਾ ਢੰਗ ਬਦਲਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਕਤੂਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਬੋਰਡ ਜਮਾਤਾਂ ਲਈ ਪ੍ਰੀਖਿਆ ਪੱਤਰ ਦਾ ਢੰਗ ਬਦਲ ਦਿੱਤਾ ਹੈ। ਇਹ ਬਦਲਾਅ 2025 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਲਾਗੂ ਹੋਵੇਗਾ। ਇਸ ਵਾਰ ਜ਼ਿਆਦਾਤਰ ਬਦਲਾਅ ਬਾਰ੍ਹਵੀਂ ਜਮਾਤ ਲਈ ਕੀਤੇ ਗਏ ਹਨ ਜਿਸ ਲਈ ਹੁਣ ਪੰਜਾਹ ਫ਼ੀਸਦੀ ਕੰਪੀਟੈਂਸੀ ਬੇਸਡ ਸਵਾਲ ਆਉਣਗੇ ਜਦਕਿ ਪਹਿਲਾਂ ਇਹ ਚਾਲੀ ਫ਼ੀਸਦੀ ਆਉਂਦੇ ਸਨ। ਇਸ ਤੋਂ ਇਲਾਵਾ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਵੀ ਗਿਆਨ ਆਧਾਰਿਤ ਸਵਾਲ ਜ਼ਿਆਦਾ ਆਉਣਗੇ। ਬੋਰਡ ਨੇ ਇਸ ਸਬੰਧੀ ਸਕੂਲਾਂ ਨੂੰ ਅੱਜ ਪੱਤਰ ਜਾਰੀ ਕੀਤਾ ਹੈ। ਇਹ ਬਦਲਾਅ ਨਵੀਂ ਸਿੱਖਿਆ ਨੀਤੀ ਅਨੁਸਾਰ ਕੀਤੇ ਗਏ ਹਨ। ਪੱਤਰ ਅਨੁਸਾਰ ਵਿਦਿਆਰਥੀਆਂ ਨੂੰ ਰੀਅਲ ਟਾਈਮ ਕੰਸੈਪਟ ਸਬੰਧੀ ਸਵਾਲ ਪੁੱਛੇ ਜਾਣਗੇ ਤਾਂ ਕਿ ਉਹ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਯੋਗ ਹੋ ਸਕਣ। ਬੋੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਬਦਲਾਅ ਵਿਦਿਆਰਥੀਆਂ ਦਾ ਹਰ ਕੰਸੈਪਟ ਕਲੀਅਰ ਹੋਣ ਤੇ ਉਨ੍ਹਾਂ ਦੀ ਰੱਟੇ ਮਾਰਨ ਦੀ ਆਦਤ ਖਤਮ ਹੋਣ ਲਈ ਕੀਤਾ ਗਿਆ ਹੈ। ਬਾਰ੍ਹਵੀਂ ਜਮਾਤ ਲਈ ਮਲਟੀਪਲ ਚੁਆਇਸ ਸਵਾਲ (ਐੱਮਸੀਕਿਊ), ਕੇਸ ਬੇਸਡ ਸਵਾਲ ਤੇ ਸੋਰਸ ਬੇਸਡ ਸਵਾਲ ਆਉਣਗੇ।
ਬੋਰਡ ਜਮਾਤਾਂ ਵਿੱਚ 75 ਫ਼ੀਸਦੀ ਹਾਜ਼ਰੀ ਜ਼ਰੂਰੀ
ਸੀਬੀਐੱਸਈ ਨੇ ਵੱਖਰੇ ਸਰਕੁਲਰ ਵਿਚ ਕਿਹਾ ਹੈ ਕਿ ਅਗਲੇ ਸੈਸ਼ਨ ਵਿੱਚ ਹੋਣ ਵਾਲੀਆਂ ਬੋਰਡ ਜਮਾਤਾਂ ਵਿਚ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਬੈਠਣ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਕੂਲ ਵਿੱਚ 75 ਫ਼ੀਸਦੀ ਹਾਜ਼ਰੀ ਹੋਵੇਗੀ। ਜੇ ਕਿਸੇ ਦੀ ਹਾਜ਼ਰੀ ਪੂਰੀ ਨਹੀਂ ਹੈ ਤਾਂ ਉਸ ਨੂੰ ਮੈਡੀਕਲ ਜਾਂ ਹੋਰ ਕਾਗਜ਼ਾਤ ਬੋਰਡ ਕੋਲ ਜਮ੍ਹਾਂ ਕਰਵਾਉਣੇ ਪੈਣਗੇ।