ਸੀਬੀਐੱਸਈ: ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਨਵੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਐਲਾਨ ਦਿੱਤੀ ਹੈ। ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਜਦਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪਰੈਲ ਨੂੰ ਸਮਾਪਤ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰ ਸਾਢੇ ਦਸ ਵਜੇ ਹੋਵੇਗਾ। ਸੀਬੀਐਸਈ ਨੇ ਪਹਿਲੀ ਵਾਰ ਡੇਟਸ਼ੀਟ 86 ਦਿਨ ਪਹਿਲਾਂ ਜਾਰੀ ਕੀਤੀ ਹੈ ਜਦਕਿ ਪਹਿਲਾਂ ਵਾਲੇ ਸਾਲਾਂ ਵਿੱਚ ਡੇਟਸ਼ੀਟ ਦਸੰਬਰ ਦੇ ਦੂਜੇ ਹਫ਼ਤੇ ਤੋਂ ਬਾਅਦ ਹੀ ਜਾਰੀ ਕੀਤੀ ਜਾਂਦੀ ਸੀ। ਦਸਵੀਂ ਜਮਾਤ ਦਾ ਪਹਿਲਾ ਪੇਪਰ 15 ਫਰਵਰੀ ਨੂੰ ਅੰਗਰੇਜ਼ੀ ਦਾ ਹੋਵੇਗਾ, 20 ਫਰਵਰੀ ਨੂੰ ਵਿਗਿਆਨ, 25 ਨੂੰ ਸੋਸ਼ਲ ਸਾਇੰਸ, 28 ਫਰਵਰੀ ਨੂੰ ਹਿੰਦੀ, 1 ਮਾਰਚ ਨੂੰ ਪੇਂਟਿੰਗ, 6 ਮਾਰਚ ਨੂੰ ਭਾਸ਼ਾਵਾਂ ਨਾਲ ਸਬੰਧਿਤ ਪੇਪਰ, 10 ਮਾਰਚ ਨੂੰ ਗਣਿਤ ਬੇਸਿਕ ਤੇ ਸਟੈਂਡਰਡ, 13 ਮਾਰਚ ਨੂੰ ਹੋਮ ਸਾਇੰਸ, 17 ਨੂੰ ਪੰਜਾਬੀ ਦਾ ਹੋਵੇਗਾ, ਦਸਵੀਂ ਜਮਾਤ ਦਾ ਆਖ਼ਰੀ ਪੇਪਰ 18 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ, ਆਈਟੀ ਤੇ ਏਆਈ ਦਾ ਹੋਵੇਗਾ। ਜਦੋਂਕਿ ਬਾਰ੍ਹਵੀਂ ਜਮਾਤ ਦਾ ਪਹਿਲਾ ਪੇਪਰ 15 ਫਰਵਰੀ ਨੂੰ ਐਂਟਰਪ੍ਰਿਨਿਓਰਸ਼ਿਪ, 17 ਨੂੰ ਫਿਜ਼ੀਕਲ ਐਜੂਕੇਸ਼ਨ, 21 ਨੂੰ ਫਿਜ਼ਿਕਸ, 22 ਨੂੰ ਬਿਜ਼ਨਸ ਸਟੱਡੀਜ਼ ਤੇ ਬਿਜ਼ਨਸ ਐਡਮਨਿਸਟ੍ਰੇਸ਼ਨ, 24 ਨੂੰ ਜਿਓਗਰਫੀ, 27 ਨੂੰ ਕੈਮਿਸਟਰੀ, 3 ਮਾਰਚ ਨੂੰ ਲੀਗਲ ਸਟੱਡੀਜ਼, 8 ਮਾਰਚ ਨੂੰ ਗਣਿਤ, 19 ਮਾਰਚ ਨੂੰ ਇਕਨਾਮਿਕਸ, 22 ਨੂੰ ਪੁਲੀਟੀਕਲ ਸਾਇੰਸ, 2 ਅਪਰੈਲ ਨੂੰ ਪੰਜਾਬੀ ਤੇ ਹੋਰ ਭਾਸ਼ਾਵਾਂ ਅਤੇ ਆਖ਼ਰੀ ਪੇਪਰ 4 ਅਪਰੈਲ ਨੂੰ ਸਾਇਕਾਲੋਜੀ ਦਾ ਹੋਵੇਗਾ।