ਸੀਬੀਆਈ ਵੱਲੋਂ ਵਿਧੂ ਜੈਨ ਕਾਂਡ ਦੀ ਜਾਂਚ ਮੁੜ ਸ਼ੁਰੂ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਸਤੰਬਰ
ਇੱਥੇ 11 ਸਾਲ ਪਹਿਲਾਂ ਵਾਪਰੇ ਵਿਧੂ ਜੈਨ ਕਾਂਡ ਦੀ ਸੀਬੀਆਈ ਦੀ ਮੁਹਾਲੀ ਸਥਿਤ ਅਦਾਲਤ ਦੇ ਹੁਕਮਾਂ ’ਤੇ ਸੀਬੀਆਈ ਨੇ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੇ ਜਾਂਚ ਅਧਿਕਾਰੀ ਨੇ ਮਾਲੇਰਕੋਟਲਾ ਪੁੱਜ ਕੇ ਮਰਹੂਮ ਵਿਧੂ ਜੈਨ ਦੇ ਪਿਤਾ ਤੋਂ ਘਟਨਾ ਸਬੰਧੀ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਣਕਾਰੀ ਹਾਸਲ ਕੀਤੀ। ਦੱਸਣਯੋਗ ਹੈ ਕਿ 30 ਸਤੰਬਰ 2013 ਨੂੰ ਸਥਾਨਕ ਬਾਗ਼ ’ਚ ਬਣੀ ਦੁਕਾਨ ’ਚ ਅੱਗ ਲੱਗਣ ਨਾਲ ਵਿਧੂ ਜੈਨ ਜ਼ਖ਼ਮੀ ਹੋਇਆ ਮਿਲਿਆ ਸੀ। ਪੁਲੀਸ ਨੇ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਲੁਧਿਆਣਾ ਰੈਫਰ ਕਰ ਦਿੱਤਾ ਪਰ ਉਸ ਦੀ ਲੁਧਿਆਣਾ ਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਮਰਹੂਮ ਵਿਧੂ ਜੈਨ ਦੇ ਪਰਿਵਾਰ ਨੇ 7 ਜੁਲਾਈ 2014 ਨੂੰ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ’ਤੇ ਅਦਾਲਤ ਨੇ 29 ਨਵੰਬਰ 2014 ਨੂੰ ਉਕਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਸੀਬੀਆਈ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਅਦਾਲਤ ’ਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਵਿੱਚ ਕਿਹਾ ਹੈ ਕਿ ਮਾਮਲੇ ਦੇ ਤੱਥ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਵਿਧੂ ਜੈਨ ਨੇ ਖ਼ੁਦ ਹੀ ਅੱਗ ਲਗਾਈ ਸੀ। ਇਸ ’ਤੇ ਵਿਧੂ ਦਾ ਪਰਿਵਾਰ ਸਹਿਮਤ ਨਾ ਹੋਇਆ ਤੇ ਤੱਥਾਂ ਸਹਿਤ ਮਾਮਲੇ ਦੀ ਮੁੜ ਜਾਂਚ ਮੰਗੀ। ਆਪਣੇ ਘਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧੂ ਜੈਨ ਦੇ ਪਿਤਾ ਨਵਨੀਤ ਜੈਨ ਨੇ ਕਿਹਾ ਕਿ ਅਦਾਲਤ ਨੇ ਕਲੋਜ਼ਰ ਰਿਪੋਰਟ ਸਬੰਧੀ ਉਸ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਮੁੜ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।