For the best experience, open
https://m.punjabitribuneonline.com
on your mobile browser.
Advertisement

ਆਰ ਜੀ ਕਰ ਹਸਪਤਾਲ ’ਚ ਵਿੱਤੀ ਬੇਨੇਮੀਆਂ ਸਬੰਧੀ ਸੀਬੀਆਈ ਵੱਲੋਂ ਛਾਪੇ

06:58 AM Aug 26, 2024 IST
ਆਰ ਜੀ ਕਰ ਹਸਪਤਾਲ ’ਚ ਵਿੱਤੀ ਬੇਨੇਮੀਆਂ ਸਬੰਧੀ ਸੀਬੀਆਈ ਵੱਲੋਂ ਛਾਪੇ
ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸੀਬੀਆਈ ਅਧਿਕਾਰੀਆਂ ਲਈ ਘਰ ਦਾ ਗੇਟ ਖੋਲ੍ਹਦੇ ਹੋਏ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ/ਕੋਲਕਾਤਾ, 25 ਅਗਸਤ
ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕਥਿਤ ਵਿੱਤੀ ਬੇਨੇਮੀਆਂ ਦੀ ਜਾਂਚ ਸਬੰਧੀ ਅੱਜ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਸਾਬਕਾ ਐੱਮਐੱਸਵੀਪੀ ਸੰਜੈ ਵਸ਼ਿਸ਼ਟ ਤੇ 13 ਹੋਰਨਾਂ ਦੇ ਕੋਲਕਾਤਾ ਤੇ ਨੇੜਲੇ ਇਲਾਕਿਆਂ ਵਿਚਲੇ ਟਿਕਾਣਿਆਂ ’ਤੇੇ ਛਾਪੇ ਮਾਰੇ।
ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਹਸਪਤਾਲ ਵਿਚ ਮਰੀਜ਼ਾਂ ਦੀ ਸੰਭਾਲ ਤੇ ਪ੍ਰਬੰਧਨ ਲਈ ਸਮੱਗਰੀ ਸਪਲਾਈ ਕਰਦੇ ਵਿਅਕਤੀਆਂ ਦੇ ਘਰਾਂ ਤੇ ਦਫ਼ਤਰਾਂ ਦੀ ਵੀ ਤਲਾਸ਼ੀ ਲਈ। ਸੀਬੀਆਈ ਦੇ ਘੱਟੋ-ਘੱਟ ਸੱਤ ਅਧਿਕਾਰੀ ਘੋਸ਼ ਤੋਂ ਉਸ ਦੀ ਬੇਲੀਆਘਾਟ ਰਿਹਾਇਸ਼ ’ਤੇ ਸਵੇਰੇ 8 ਵਜੇ ਤੋਂ ਪੁੱਛ-ਪੜਤਾਲ ਕਰ ਰਹੇ ਹਨ। ਜਿਨ੍ਹਾਂ ਹੋਰਨਾਂ ਤੋਂ ਕੇਂਦਰੀ ਏਜੰਸੀ ਨੇ ਪੁੱਛ-ਪੜਤਾਲ ਕੀਤੀ ਉਨ੍ਹਾਂ ਵਿਚ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਡੈਂਟ ਤੇ ਵਾਈਸ ਪ੍ਰਿੰਸੀਪਲ ਸੰਜੈ ਵਸ਼ਿਸ਼ਟ ਤੇ ਹਸਪਤਾਲ ਦੇ ਫੋਰੈਂਸਿਕ ਮੈਡੀਕਲ ਵਿਭਾਗ ਦਾ ਇਕ ਹੋਰ ਪ੍ਰੋਫੈਸਰ ਸ਼ਾਮਲ ਹਨ।
ਸੀਬੀਆਈ ਟੀਮ ਕੇਦਰੀ ਬਲਾਂ ਦੀ ਵੱਡੀ ਟੀਮ ਨਾਲ ਅੱਜ ਸਵੇਰੇ 6 ਵਜੇ ਘੋਸ਼ ਦੀ ਰਿਹਾਇਸ਼ ’ਤੇ ਪੁੱਜੀ, ਪਰ ਟੀਮ ਨੂੰ ਘਰ ਦਾ ਦਰਵਾਜ਼ਾ ਖੁੱਲ੍ਹਣ ਲਈ ਅੱਧਾ ਘੰਟਾ ਉਡੀਕ ਕਰਨੀ ਪਈ। ਕੇਂਦਰੀ ਏਜੰਸੀ ਦੇ ਹੋਰ ਅਧਿਕਾਰੀਆਂ ਨੇ ਹਾਵੜਾ ਵਿਚ ਇਕ ਸਪਲਾਇਰ ਦੀ ਰਿਹਾਇਸ਼ ’ਤੇ ਵੀ ਦਸਤਕ ਦਿੱਤੀ। ਸੀਬੀਆਈ ਦੀ ਇਕ ਹੋਰ ਟੀਮ ਨੇ ਸਾਬਕਾ ਪ੍ਰਿੰਸੀਪਲ ਦੇ ਦਫ਼ਤਰ ਦੀ ਤਲਾਸ਼ੀ ਲਈ ਤੇ ਅਕਾਦਮਿਕ ਇਮਾਰਤ ਵਿਚਲੀ ਕੰਟੀਨ ’ਚ ਵੀ ਗਈ। ਟੀਮ ਨੇ ਹਸਪਤਾਲ ਦੇ ਮੌਜੂਦਾ ਪ੍ਰਿੰਸੀਪਲ ਮਾਨਸ ਕੁਮਾਰ ਬੰਧੋਪਾਧਿਆਏ ਨੂੰ ਅੱਜ ਸਵੇਰੇ ਹਸਪਤਾਲ ਪਹੁੰਚਣ ਲਈ ਕਿਹਾ ਸੀ। ਹਸਪਤਾਲ ਦੀ ਤਲਾਸ਼ੀ ਦੌਰਾਨ ਉਹ ਪੂਰਾ ਸਮਾਂ ਟੀਮ ਨਾਲ ਮੌਜੂਦ ਰਹੇ। ਕਾਬਿਲੇਗੌਰ ਹੈ ਕਿ ਇਸੇ ਹਸਪਤਾਲ ਦੇ ਸੈਮੀਨਾਰ ਹਾਲ ਵਿਚ 9 ਅਗਸਤ ਨੂੰ ਇਕ ਜੂਨੀਅਰ ਡਾਕਟਰ ਨਾਲ ਕਥਿਤ ਬਲਾਤਕਾਰ ਕਰਨ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਕੋਲਕਾਤਾ ਪੁਲੀਸ ਨੇ ਇਸ ਕੇਸ ਵਿਚ ਇਕ ਸਿਵਿਕ ਵਾਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਸਾਬਕਾ ਪ੍ਰਿੰਸੀਪਲ ਘੋਸ਼ ਤੋਂ ਕਈ ਗੇੜਾਂ ਦੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਸੀਬੀਆਈ ਦੀ ਟੀਮ ਵੱਲੋਂ ਸੰਦੀਪ ਘੋਸ਼ ਤੋਂ ਤਕਰੀਬਨ 12 ਘੰਟੇ ਪੁੱਛ ਪੜਤਾਲ ਕੀਤੀ ਗਈ। ਪੁੱਛ-ਪੜਤਾਲ ਮੁਕੰਮਲ ਕਰਨ ਮਗਰੋਂ ਟੀਮ ਰਾਤ 8.50 ਵਜੇ ਦੇ ਕਰੀਬ ਘੋਸ਼ ਦੀ ਰਿਹਾਇਸ਼ ਤੋਂ ਬਾਹਰ ਨਿਕਲੀ ਤੇ ਇਸ ਦੌਰਾਨ ਅਧਿਕਾਰੀਆਂ ਦੇ ਹੱਥਾਂ ’ਚ ਜ਼ਬਤ ਕੀਤੇ ਗਏ ਦਸਤਾਵੇਜ਼ ਫੜੇ ਹੋਏ ਸਨ। -ਪੀਟੀਆਈ

Advertisement

ਕੋਲਕਾਤਾ ਜਬਰ ਜਨਾਹ ਕੇਸ ਦੇ ਮੁੱਖ ਮੁਲਜ਼ਮ ਦਾ ਪੌਲੀਗ੍ਰਾਫ ਟੈਸਟ ਹੋਇਆ

ਆਰ ਜੀ ਕਰ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਸੰਜੇ ਵਸ਼ਿਸ਼ਟ ਦੇ ਟਿਕਾਣੇ ’ਤੇ ਸੀਬੀਆਈ ਦੇ ਛਾਪੇ ਦੌਰਾਨ ਤਾਇਨਾਤ ਸੁਰੱਖਿਆ ਮੁਲਾਜ਼ਮ। -ਫੋਟੋ: ਪੀਟੀਆਈ

ਨਵੀਂ ਦਿੱਲੀ: ਆਰ ਜੀ ਕਰ ਮੈਡੀਕਲ ਕਾਲਜ ’ਚ ਟਰੇਨੀ ਡਾਕਟਰ ਨਾਲ ਕਥਿਤ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਮੁੱਖ ਮੁਲਜ਼ਮ ਸੰਜੇ ਰਾਏ ਦਾ ਪੌਲੀਗ੍ਰਾਫ ਟੈਸਟ ਕੋਲਕਾਤਾ ਦੀ ਪ੍ਰੈਜ਼ੀਡੈਂਸੀ ਜੇਲ੍ਹ ’ਚ ਕੀਤਾ ਗਿਆ ਹੈ ਜਿੱਥੇ ਉਹ ਬੰਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਲਕਾਤਾ ’ਚ ਸੀਬੀਆਈ ਦੇ ਦਫ਼ਤਰ ਵਿੱਚ ਹੋਰ ਦੋ ਜਣਿਆਂ ਦਾ ਪੌਲੀਗ੍ਰਾਫ ਟੈਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸਮੇਤ ਚਾਰ ਜਣਿਆਂ ਦਾ ਪੌਲੀਗ੍ਰਾਫ ਟੈਸਟ ਕੀਤਾ ਗਿਆ ਸੀ। ਸੀਬੀਆਈ ਨੇ ਰਾਏ ਤੇ ਘੋਸ਼ ਸਮੇਤ ਸੱਤ ਜਣਿਆਂ ਦਾ ‘ਲਾਈ ਡਿਟੈਕਟਰ ਟੈਸਟ’ ਕਰਾਉਣ ਲਈ ਅਦਾਲਤ ਤੋਂ ਇਜਾਜ਼ਤ ਲਈ ਹੈ। ਇਸ ਟੈਸਟ ਨੂੰ ਮੁਕੱਦਮੇ ਦੌਰਾਨ ਸਬੂਤ ਵਜੋਂ ਨਹੀਂ ਵਰਤਿਆ ਜਾ ਸਕਦਾ ਪਰ ਇਸ ਦੇ ਨਤੀਜੇ ਏਜੰਸੀ ਨੂੰ ਅੱਗੇ ਦੀ ਜਾਂਚ ਲਈ ਮਦਦਗਾਰ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੀ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀਐੱਫਐੱਸਐੱਲ) ਤੋਂ ਪੌਲੀਗ੍ਰਾਫ ਮਾਹਿਰਾਂ ਦੀ ਟੀਮ ਜਾਂਚ ਲਈ ਕੋਲਕਾਤਾ ਗਈ ਹੈ। ਕੋਲਕਾਤਾ ਪੁਲੀਸ ਨੇ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ’ਚ 31 ਸਾਲਾ ਟਰੇਨੀ ਡਾਕਟਰ ਦੀ ਲਾਸ਼ ਮਿਲਣ ਮਗਰੋਂ 10 ਅਗਸਤ ਨੂੰ ਰਾਏ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement