ਸੀਬੀਆਈ ਵੱਲੋਂ ਸ਼ਿਮਲਾ ’ਚ ਈਡੀ ਅਧਿਕਾਰੀ ਦੀ ਰਿਹਾਇਸ਼ ’ਤੇ ਛਾਪੇ
ਸੀਬੀਆਈ ਨੇ ਸ਼ਿਮਲਾ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਸਿਸਟੈਂਟ ਡਾਇਰੈਕਟਰ ਦੀ ਰਿਹਾਇਸ਼ ’ਤੇ ਛਾਪੇ ਮਾਰੇ ਹਨ, ਜੋ ਐਤਵਾਰ ਨੂੰ ਇੱਕ ਅਪਰੇਸ਼ਨ ਦੌਰਾਨ ਏਜੰਸੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਵਿੱਚ ਤਾਇਨਾਤ ਈਡੀ ਦਾ ਅਸਿਸਟੈਂਟ ਡਾਇਰੈਕਟਰ ਅਤੇ ਉਸ ਦਾ ਭਰਾ ਵਿਕਾਸ ਦੀਪ, ਜੋ ਦਿੱਲੀ ਵਿੱਚ ਪੰਜਾਬ ਨੈਸ਼ਨਲ ਬੈਂਕ ’ਚ ਸੀਨੀਅਰ ਮੈਨੇਜਰ ਹੈ, ਇੱਕ ਕਾਰੋਬਾਰੀ ਤੋਂ ਕਥਿਤ ਤੌਰ ’ਤੇ ਰਿਸ਼ਵਤ ਦੀ ਰਕਮ ਲੈਣ ਲਈ ਚੰਡੀਗੜ੍ਹ ਗਏ ਸੀ। ਕਾਰੋਬਾਰੀ ’ਤੇ ਮਨੀ ਲਾਂਡਰਿੰਗ ਐਕਟ (PMLA) ਤਹਿਤ ਕੇਸ ਦਰਜ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਨੇ ਕਥਿਤ ਜਬਰੀ ਵਸੂਲੀ ਬਾਰੇ ਸੀਬੀਆਈ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ’ਤੇ ਏਜੰਸੀ ਦੀ ਚੰਡੀਗੜ੍ਹ ਇਕਾਈ ਨੇ ਇੱਕ ਯੋਜਨਾ ਉਲੀਕੀ, ਜਿਸ ਵਿੱਚ ਸ਼ਿਕਾਇਤਕਰਤਾ ਨੂੰ ਅਧਿਕਾਰੀ ਨੂੰ 55 ਲੱਖ ਰੁਪਏ ਨਕਦ ਰਿਸ਼ਵਤ ਦੇਣ ਲਈ ਕਿਹਾ ਗਿਆ ਅਤੇ ਸੀਬੀਆਈ ਦੇ ਅਧਿਕਾਰੀ ਇਸ ’ਤੇ ਨਜ਼ਰ ਰੱਖ ਰਹੇ ਸੀ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਉਲੀਕੀ ਗਈ ਸੀ ਕਿ ਕਥਿਤ ਤੌਰ ’ਤੇ ਰਿਸ਼ਵਤ ਲੈਣ ਮਗਰੋਂ ਸੀਬੀਆਈ ਮੁਲਜ਼ਮ ਨੂੰ ਕਾਬੂ ਕਰ ਲਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਸ ਐਂਡ ਕਸਟਮਜ਼ (ਸੀਬੀਆਈਸੀ) ਤੋਂ ਡੈਪੂਟੇਸ਼ਨ ’ਤੇ ਆਏ ਈਡੀ ਅਧਿਕਾਰੀ ਨੂੰ ਕਾਰਵਾਈ ਦੌਰਾਨ ਸੂਚਨਾ ਮਿਲ ਗਈ ਅਤੇ ਉਹ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਏਜੰਸੀ ਪਿਛਲੇ ਛੇ ਦਿਨ ਤੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਪਤਾ ਲਗਾਉਣ ਲਈ ਤਕਨੀਕੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਰਿਸ਼ਵਤ ਦੀ ਰਕਮ ਸਣੇ ਲਗਭਗ ਇੱਕ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਅਧਿਕਾਰੀ ਵੱਲੋਂ ਭੱਜਣ ਲਈ ਵਰਤੀ ਗਈ ਕਾਰ ਵੀ ਈਡੀ ਦਫ਼ਤਰ ’ਚ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਮਾਮਲੇ ਸਬੰਧੀ ਵਿਕਾਸ ਦੀਪ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਅੱਜ ਵਿਚੋਲੀਏ ਨੀਰਜ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਇੱਕ ਦਿਨ ਲਈ ਏਜੰਸੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ।
ਏਜੰਸੀ ਮਾਮਲੇ ’ਚ ਉਸ ਦੀ ਕਥਿਤ ਸ਼ਮੂਲੀਅਤ ਸਬੰਧੀ ਉਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਮਾਮਲੇ ਦੇ ਬਾਅਦ ਸ਼ਿਮਲਾ ਸਬ-ਜ਼ੋਨਲ ਦਫ਼ਤਰ ਦੇ ਮੁਲਜ਼ਮ ਅਸਿਸਟੈਂਟ ਡਾਇਰੈਕਟਰ ਅਤੇ ਉਸ ਦੇ ਸੁਪਵਾਈਜ਼ਰ ਅਧਿਕਾਰੀਆਂ, ਇੱਕ ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ (ਚੰਡੀਗੜ੍ਹ ਸਥਿਤ) ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਹੈ। -ਪੀਟੀਆਈ