ਸੀਬੀਆਈ ਵੱਲੋਂ ਈਡੀ ਅਧਿਕਾਰੀ ਦੇ ਘਰ ਛਾਪਾ, ਨਕਦੀ ਜ਼ਬਤ
ਨਵੀਂ ਦਿੱਲੀ: ਸੀਬੀਆਈ ਨੇ ਸ਼ਿਮਲਾ ਵਿੱਚ ਈਡ ਦੇ ਅਸਿਸਟੈਂਟ ਡਾਇਰੈਕਟਰ ਦੇ ਟਿਕਾਣੇ ’ਤੇ ਛਾਪਾ ਮਾਰ ਕੇ 56 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਹ ਐਤਵਾਰ ਨੂੰ ਅਪਰੇਸ਼ਨ ਦੌਰਾਨ ਏਜੰਸੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਉਧਰ, ਈਡੀ ਦੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਮਗਰੋਂ ਸ਼ਿਮਲਾ ਸਬ-ਜ਼ੋਨਲ ਦਫ਼ਤਰ ਵਿੱਚ ਤਾਇਨਾਤ ਮੁਲਜ਼ਮ ਅਸਿਸਟੈਂਟ ਡਾਇਰੈਕਟਰ ਅਤੇ ਉਸ ਦੇ ਨਿਗਰਾਨ ਅਧਿਕਾਰੀਆਂ (ਇੱਕ ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ (ਚੰਡੀਗੜ੍ਹ ਸਥਿਤ) ਨੂੰ ਦਿੱਲੀ ਤਬਦੀਲ ਕੀਤਾ ਗਿਆ ਹੈ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਵਿੱਚ ਤਾਇਨਾਤ ਈਡੀ ਦਾ ਸਹਾਇਕ ਨਿਰਦੇਸ਼ਕ ਅਤੇ ਉਸ ਦਾ ਭਰਾ ਵਿਕਾਸ ਦੀਪ, ਜੋ ਦਿੱਲੀ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਸੀਨੀਅਰ ਮੈਨੇਜਰ ਹੈ, ਇੱਕ ਕਾਰੋਬਾਰੀ ਤੋਂ ਕਥਿਤ ਰਿਸ਼ਵਤ ਲੈਣ ਲਈ ਚੰਡੀਗੜ੍ਹ ਗਏ ਸਨ। ਕਾਰੋਬਾਰੀ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਤਹਿਤ ਕੇਸ ਦਰਜ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਨੇ ਕਥਿਤ ਜਬਰੀ ਵਸੂਲੀ ਸਬੰਧੀ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀੈ। -ਪੀਟੀਆਈ