ਸੁਸ਼ਾਂਤ ਰਾਜਪੂਤ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਹੁਕਮ
ਨਵੀਂ ਦਿੱਲੀ/ਪਟਨਾ, 19 ਅਗਸਤ
ਸੁਪਰੀਮ ਕੋਰਟ ਨੇ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ‘ਗੈਰਕੁਦਰਤੀ ਮੌਤ’ ਮਾਮਲੇ ਵਿੱਚ ਅਦਾਕਾਰ ਰੀਆ ਚੱਕਰਬਰਤੀ ਖ਼ਿਲਾਫ਼ ਪਟਨਾ ’ਚ ਦਰਜ ਐੱਫਆਈਆਰ ਦੀ ਪੜਤਾਲ ਸੀਬੀਆਈ ਤੋਂ ਕਰਵਾਉਣ ਦੀ ਬਿਹਾਰ ਸਰਕਾਰ ਦੀ ਸਿਫ਼ਾਰਸ਼ ਨੂੰ ਸਹੀ ਕਰਾਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਕਿਸੇ ਵੀ ਹੋਰ ਕੇਸ ਦੀ ਸੁਣਵਾਈ ਸਿਖਰਲੀ ਜਾਂਚ ਏਜੰਸੀ ਵੱਲੋਂ ਕੀਤੀ ਜਾਵੇਗੀ। ਅਦਾਲਤ ਨੇ ਮੁੰਬਈ ਪੁਲੀਸ ਨੂੰ ਹੁਣ ਤੱਕ ਕੀਤੀ ਜਾਂਚ ਦੀਆਂ ਸਾਰੀਆਂ ਫਾਈਲਾਂ ਸੀਬੀਆਈ ਸਪੁਰਦ ਕਰਨ ਲਈ ਆਖ ਦਿੱਤਾ ਹੈ। ਇਹ ਐੱਫਆਈਆਰ ਰਾਜਪੂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਨੇ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਇਹ ਫੈਸਲਾ ਅਦਾਕਾਰਾ ਰੀਆ ਚੱਕਰਬਰਤੀ ਦੀ ਊਸ ਪਟੀਸ਼ਨ ’ਤੇ ਸੁਣਾਇਆ ਹੈ, ਜਿਸ ਵਿੱਚ ਊਸ ਨੇ ਇਸ ਕੇਸ ਨੂੰ ਪਟਨਾ ਤੋਂ ਮੁੰਬਈ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ। ਜਸਟਿਸ ਰਿਸ਼ੀਕੇਸ਼ ਰੌਏ ਦੇ ਸਿੰਗਲ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਬਿਹਾਰ ਸਰਕਾਰ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਤਬਦੀਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਪੁਲੀਸ ਨੇ ਰਾਜਪੂਤ ਦੇ ਪਿਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ ਅਤੇ ਇਸ ਨੂੰ ਸੀਬੀਆਈ ਦੇ ਹਵਾਲੇ ਕਰਨਾ ਕਾਨੂੰਨੀ ਹੈ। ਜਸਟਿਸ ਰੌਏ ਦੇ ਇਕਹਿਰੇ ਬੈਂਚ ਨੇ 35 ਸਫ਼ਿਆਂ ਦੇ ਆਪਣੇ ਫੈਸਲੇ ਵਿੱਚ ਕਿਹਾ ਕਿ ਬਿਹਾਰ ਤੇ ਮਹਾਰਾਸ਼ਟਰ ਦੋਵੇਂ ਇਕ ਦੂਜੇ ’ਤੇ ਸਿਆਸੀ ਦਖ਼ਲ ਦੇ ਦੋਸ਼ ਲਾ ਰਹੇ ਹਨ ਤੇ ਜਾਂਚ ਦੀ ਉਚਿੱਤਤਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸੂਬਾ ਸਰਕਾਰ ਵੱਲੋਂ ਇਹ ਕੇਸ ਸੀਬੀਆਈ ਨੂੰ ਸੌਂਪਣ ਦੇ ਫੈਸਲੇ ਦਾ ਸਿਆਸਤ ਜਾਂ ਚੋਣਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
-ਪੀਟੀਆਈ
ਜਾਂਚ ਕੋਈ ਵੀ ਏਜੰਸੀ ਕਰੇ, ਸੱਚ ਨਹੀਂ ਬਦਲੇਗਾ: ਰੀਆ ਦਾ ਵਕੀਲ
ਨਵੀਂ ਦਿੱਲੀ: ਅਦਾਕਾਰ ਰੀਆ ਚੱਕਰਬਰਤੀ ਦੇ ਵਕੀਲ ਨੇ ਕਿਹਾ ਕਿ ਕੇਸ ਦੀ ਜਾਂਚ ਕੋਈ ਵੀ ਏਜੰਸੀ ਕਰੇ, ਪਰ ਇਸ ਨਾਲ ਸੱਚ ਨਹੀਂ ਬਦਲੇਗਾ। ਮੁੰਬਈ ਆਧਾਰਿਤ ਵਕੀਲ ਨੇ ਕਿਹਾ ਕਿ ਖੁ਼ਦ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਅਦਾਕਾਰ ਕੇਂਦਰੀ ਜਾਂਚ ਏਜੰਸੀ ਅੱਗੇ ਪੇਸ਼ ਹੋ ਕੇ ਜਾਂਚ ਦਾ ਸਾਹਮਣਾ ਕਰੇਗੀ।
-ਪੀਟੀਆਈ
ਫੈਸਲਾ ਪਰਿਵਾਰ ਤੇ ਪ੍ਰਸ਼ੰਸਕਾਂ ਦੀ ਜਿੱਤ: ਸੁਸ਼ਾਂਤ ਪਰਿਵਾਰ ਦਾ ਵਕੀਲ
ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਨਾ ਸਿਰਫ਼ ਪਰਿਵਾਰ ਬਲਕਿ ਮਰਹੂਮ ਅਦਾਕਾਰ ਦੇ ਪ੍ਰਸ਼ੰਸਕਾਂ ਦੀ ਜਿੱਤ ਹੈ। ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ, ‘ਸੁਪਰੀਮ ਕੋਰਟ ਨੇ ਸਾਰੇ ਨੁਕਤਿਆਂ ਨੂੰ ਸਵੀਕਾਰ ਕੀਤਾ ਹੈ। ਕੋਰਟ ਨੇ ਸਾਫ਼ ਕਰ ਦਿੱਤਾ ਕਿ ਪਟਨਾ ਵਿੱਚ ਦਰਜ ਐੱਫਆਈਆਰ ਦਰੁਸਤ ਸੀ। ਚੰਗਾ ਆਗਾਜ਼ ਅੱਧੀ ਲੜਾਈ ਜਿੱਤਣ ਵਾਂਗ ਹੈ।
-ਪੀਟੀਆਈ