ਸਾਈਲੇਜ ਵਿੱਚ ਉੱਲੀ ਲੱਗਣ ਦੇ ਕਾਰਨ ਅਤੇ ਰੋਕਥਾਮ
ਅਪਰਣਾ, ਸਤਬੀਰ ਸਿੰਘ ਤੇ ਜਸਪਾਲ ਸਿੰਘ ਹੁੰਦਲ*
ਸਾਈਲੇਜ/ ਚਾਰੇ ਦਾ ਆਚਾਰ ਸੋਧਿਆ ਹੋਇਆ ਹਰਾ ਚਾਰਾ ਹੈ ਜੋ ਐਨਐਰੋਬਿਕ ਹਾਲਤਾਂ (ਆਕਸੀਜਨ ਦੀ ਗ਼ੈਰ-ਮੌਜੂਦਗੀ) ਵਿੱਚ ਲੈਕਿਟਕ ਫਰਮੈਂਟੇਸ਼ਨ ਦੁਆਰਾ ਸਾਂਭਿਆ ਜਾਂਦਾ ਹੈ। ਸਾਈਲੇਜ ਬਣਾਉਣ ਦੀ ਕਿਰਿਆ (ਐਨਸਾਇਲਿੰਗ) ਦਾ ਮੁੱਢਲਾ ਉਦੇਸ਼ ਹੈ ਕਿ ਚਾਰੇ ਦੀ ਫ਼ਸਲ ਦੀ ਪੌਸ਼ਟਿਕ ਗੁਣਵੱਤਾ ਵਿੱਚ ਘੱਟ ਤੋਂ ਘੱਟ ਨੁਕਸਾਨ ਨਾਲ ਚਾਰੇ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕੇ। ਵਰਤਮਾਨ ਸਮੇਂ ਵਿੱਚ ਸਾਈਲੇਜ ਦੀ ਗੁਣਵੱਤਾ ਦਾ ਮੁਲਾਂਕਣ ਰਸਾਇਣਕ ਮਾਪਦੰਡਾਂ ਅਨੁਸਾਰ ਜਿਵੇਂ ਕਿ ਖੁਸ਼ਕ ਮਾਦਾ, pH, ਨਿਊਟਰਲ ਡਿਟਰਜੈਂਟ ਫਾਈਬਰ (NDF), ਐਸਿਡ ਡਿਟਰਜੈਂਟ ਫਾਈਬਰ (ADF), ਲੈਕਿਟਕ ਐਸਿਡ, ਐਸੀਟਿਕ ਐਸਿਡ ਆਦਿ ਦੁਆਰਾ ਕੀਤਾ ਜਾਂਦਾ ਹੈ, ਜਦੋਂਕਿ ਜੇ ਸਾਈਲੇਜ ਵਿੱਚ ਬੈਕਟੀਰੀਆ, ਮੋਲਡ, ਉੱਲੀ ਅਤੇ ਉਨ੍ਹਾਂ ਦੇ ਮੈਟਾਬੋਲਾਈਟਸ, ਭਾਵ ਮਾਈਕੋਟੌਕਿਸਨ ਦੀ ਮੌਜੂਦਗੀ ਹੋਵੇ ਤਾਂ ਇਸ ਦੇ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ’ਤੇ ਕਈ ਕੁਪ੍ਰਭਾਵ ਦੇਖੇ ਗਏ ਹਨ। ਇਹੋ ਕਾਰਨ ਹੈ ਕਿ ਉੱਲੀ ਲੱਗਣਾ ਪਸ਼ੂਆਂ ਦੇ ਸਟੋਰ ਕੀਤੇ ਜਾਂਦੇ ਖ਼ੁਰਾਕੀ ਪਦਾਰਥਾਂ ਜਿਵੇਂ ਕਿ ਫੀਡ/ ਵੰਡ ਅਤੇ ਸਾਈਲੇਜ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ।
ਸਾਈਲੇਜ ਦੀ ਉੱਲੀ ਕਾਰਨ ਇਸ ਉੱਪਰ ਉੱਲੀ ਦੇ ਤੰਤੂ ਅਤੇ ਰੰਗੀਨ ਸਪੋਰ ਦਿਖਾਈ ਦੇਣ ਲੱਗ ਪੈਂਦੇ ਹਨ। ਇਸ ਦੇ ਫਲਸਰੂਪ ਆਚਾਰ ਵਿੱਚ ਉੱਲੀ ਤੋਂ ਪੈਦਾ ਹੋਣ ਵਾਲੇ ਹਾਨੀਕਾਰਕ ਰਸਾਇਣ ਭਾਵ ਮਾਈਕੋਟੌਕਿਸਨ ਇਕੱਠੇ ਹੋ ਜਾਂਦੇ ਹਨ। ਮਾਈਕੋਟੌਕਿਸਨ ਪ੍ਰਭਾਵਤਿ ਆਚਾਰ ਪਸ਼ੂਆਂ ਦੀ ਖ਼ਪਤ ਯੋਗ ਨਹੀਂ ਹੁੰਦਾ।
ਮਾਈਕੋਟੌਕਸਿਨ ਉੱਲੀ ਦੇ ਜੀਵਾਣੂਆਂ ਦੁਆਰਾ ਰਿਸਾਵ ਕੀਤੇ ਗਏ ਰਸਾਇਣ/ਸੈਕੰਡਰੀ ਮੈਟਾਬੋਲਾਇਟ ਹਨ। ਮੱਕੀ ਦੇ ਸਾਈਲੇਜ ਵਿੱਚ ਹੁਣ ਤੱਕ ਲਗਪਗ 300 ਮਾਈਕੋਟੌਕਸਿਨ ਦੇਖੇ ਗਏ ਹਨ ਜਿਨ੍ਹਾਂ ਵਿੱਚੋਂ ਐਫਲਾਟੌਸਿਨ ਬੀ1 (AFB1), ਓਕਰਾਟੌਕਸਿਨ ਏ, ਫਿਊਮੈਨਿਸਿਨ ਬੀ, ਟ੍ਰਾਈਕੋਥੀਨੀਸ ਆਦਿ ਪ੍ਰਮੁੱਖ ਹਨ ਜਿਹੜੇ ਕਿ ਪਸ਼ੂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਫੂਡ ਅਤੇ ਡਰੱਗ ਐਡਮੀਨੀਸਟ੍ਰੇਸ਼ਨ ਸੰਸਥਾ (FDA) ਵੱਲੋਂ ਦੁਧਾਰੂ ਪਸ਼ੂਆਂ ਨੂੰ ਖੁਆਏ ਜਾਣ ਵਾਲੇ ਸਾਈਲੇਜ ਵਿੱਚ ਮਾਈਕੋਟੌਕਸਿਨ ਦੀ ਵੱਧ ਤੋਂ ਵੱਧ ਮਾਤਰਾ 20 ppb ਮਿੱਥੀ ਗਈ ਹੈ।
ਅਸਲ ਵਿੱਚ ਸਾਈਲੇਜ ਬਣਾਉਣ ਲਈ ਵਰਤਿਆ ਜਾਣ ਵਾਲਾ ਚਾਰਾ ਕਾਸ਼ਤ ਦੇ ਦੌਰਾਨ ਹੀ ਖੇਤ ਵਿਚਲੀ ਯੀਸਟ ਅਤੇ ਉੱਲੀ ਆਦਿ ਦੇ ਸੰਪਰਕ ਵਿੱਚ ਹੁੰਦਾ ਹੈ। ਇਹੋ ਕਾਰਨ ਹੈ ਕਿ ਸਾਈਲੇਜ ਵਿੱਚ ਉੱਲੀ ਲੱਗਣਾ ਚਾਰਿਆਂ ਦੀ ਕਾਸ਼ਤ, ਵਾਢੀ, ਸੰਭਾਲ, ਤੁਆਈ ਜਾਂ ਤਿਆਰ ਸਾਈਲੇਜ ਨੂੰ ਕੱਢਣ ਵੇਲੇ ਹੋ ਸਕਦਾ ਹੈ।
ਸਾਈਲੇਜ ਵਿੱਚ ਉੱਲੀ ਦੇ ਵਾਧੇ ਨੂੰ ਪ੍ਰਭਾਵਤਿ ਕਰਨ ਵਾਲੇ ਕਾਰਕ-
ਸਾਈਲੇਜ ਵਿੱਚ ਉੱਲੀ ਲੱਗਣ ਵਿੱਚ ਵਾਤਾਵਰਨ, ਕਾਸ਼ਤ ਦੌਰਾਨ ਰਹੀਆਂ ਉਣਤਾਈਆਂ ਅਤੇ ਸਾਈਲੇਜ ਦੇ ਰੱਖ ਰਖਾਵ, ਸਾਰੇ ਕਾਰਕ ਉੱਤਰਦਾਈ ਹਨ:
ਵਾਤਾਵਰਨ ਕਾਰਕ: 10 ਤੋਂ 25 ਡਿਗਰੀ ਵਿਚਕਾਰ ਤਾਪਮਾਨ ਅਤੇ 0.7 ਤੋਂ ਵੱਧ ਪਾਣੀ ਦੀ ਗਤੀਵਿਧੀ (aw) ਉੱਲੀ ਦੇ ਵਿਕਾਸ ਲਈ ਅਨੁਕੂਲ ਸਥਤਿੀਆਂ ਹਨ। ਮੱਕੀ ਵਿੱਚ ਸੂਤ ਕੱਤਣਾ (ਸਿਲਕਿੰਗ) ਅਵਸਥਾ ਦੇ ਨੇੜੇ ਤਾਪਮਾਨ ਠੰਢਾ ਅਤੇ ਨਮੀ ਭਰਪੂਰ ਹੋਣ ’ਤੇ ਉੱਲੀ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ।
ਚਾਰੇ ਦੀ ਕਾਸ਼ਤ ਅਤੇ ਕਟਾਈ ਨਾਲ ਸਬੰਧਤ ਕਾਰਕ: ਜਾਨਵਰ, ਪੰਛੀ ਜਾਂ ਕੀੜਿਆਂ ਦੇ ਹਮਲੇ ਨਾਲ ਚਾਰੇ ਦੀ ਫ਼ਸਲ ਨੂੰ ਹੋਏ ਭੌਤਿਕ ਨੁਕਸਾਨ ਰਾਹੀਂ ਖੇਤ ਵਿੱਚ ਹੀ ਚਾਰੇ ਤੇ ਉੱਲੀ ਦਾ ਸੰਕਰਮਣ ਹੋ ਸਕਦਾ ਹੈ। ਇਸ ਲਈ ਚਾਰੇ ਦੀ ਕਾਸ਼ਤ ਸਬੰਧੀ ਪੀਏਯੂ ਦੀਆਂ ਸਿਫਾਰਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਿਫ਼ਾਰਸ਼ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਕੀਤੀ ਚਾਰੇ ਦੀ ਕਟਾਈ, ਚਾਰੇ ਨੂੰ ਕਟਾਈ ਤੋਂ ਬਾਅਦ ਦੇਰ ਨਾਲ ਜਾਂ ਹੌਲੀ ਹੌਲੀ ਸਾਈਲੋ ਵਿੱਚ ਪੈਕ ਕਰਨਾ, ਘੱਟ ਤੁਆਈ ਕਰਨਾ, ਸਾਈਲੋ ਨੂੰ ਲੋੜ ਮੁਤਾਬਿਕ ਹਵਾਬੰਦ ਨਾ ਕਰਨਾ ਕੁੱਝ ਪ੍ਰਮੁੱਖ ਕਾਰਨ ਹਨ ਜਿਨ੍ਹਾਂ ਕਾਰਨ ਸਾਈਲੇਜ ਨੂੰ ਉੱਲੀ ਲੱਗ ਸਕਦੀ ਹੈ।
ਸਾਈਲੇਜ ਸਬੰਧੀ ਕਾਰਕ: ਇੱਕ ਵਾਰ ਖੋਲ੍ਹੇ ਹੋਏ ਆਚਾਰ ਨੂੰ ਲਗਾਤਾਰ ਨਾ ਕੱਢਣਾ, ਕੱਢਣ ਤੋਂ ਬਾਅਦ ਉਸ ਨੂੰ ਸਹੀ ਢੰਗ ਨਾਲ ਨਾ ਢਕਣਾ ਅਤੇ ਹਵਾਬੰਦ ਕਰਨ ਵਾਲੇ ਪੌਲੀਥੀਨ ਦਾ ਚੂਹਿਆਂ, ਮੀਂਹ ਆਦਿ ਕਾਰਨ ਖ਼ਰਾਬ ਹੋਏ ਹੋਣਾ; ਤਿਆਰ ਹੋਏ ਸਾਈਲੇਜ ਨੂੰ ਵੀ ਖ਼ਰਾਬ ਕਰ ਸਕਦੇ ਹਨ। ਇਸੇ ਤਰ੍ਹਾਂ ਗੱਠਾਂ ਦੀ ਆਵਾਜਾਈ ਦੌਰਾਨ ਵੀ ਫਟਿਆ ਹੋਇਆ ਪੌਲੀਥੀਨ ਦਿੱਕਤ ਪੈਦਾ ਕਰ ਸਕਦਾ ਹੈ।
ਪਸ਼ੂਆਂ ’ਤੇ ਸਾਈਲੇਜ ਵਿੱਚ ਉੱਲੀ ਲੱਗਣ ਦੇ ਪ੍ਰਭਾਵ: ਸਾਈਲੇਜ ਵਿੱਚ ਮੌਜੂਦ ਉੱਲੀ ਦੀ ਉੱਚ ਮਾਤਰਾ ਖ਼ੁਰਾਕ ਦੇ ਸੁਆਦ ਅਤੇ ਇਸ ਦੀ ਸੋਖਣ ਸਮਰੱਥਾ ਨੂੰ ਘਟਾ ਸਕਦੀ ਹੈ। ਉੱਲੀ ਦੇ ਵਾਧੇ ਕਾਰਨ ਪੌਸ਼ਟਿਕ ਤੱਤਾਂ ਅਤੇ ਸੁੱਕੇ ਮਾਦੇ ਦੀ ਘਾਟ, ਸੁਆਦ ਵਿੱਚ ਕਮੀ, ਸਾਈਲੇਜ ਦੀ ਖ਼ਪਤ ਵਿੱਚ ਕਮੀ ਆ ਜਾਂਦੀ ਹੈ। ਇਸ ਨਾਲ ਜਾਨਵਰਾਂ ਦੀ ਉਤਪਾਦਨ ਸਮਰੱਥਾ ਵਿੱਚ ਘਾਟ ਆ ਜਾਂਦੀ ਹੈ। ਜ਼ਹਿਰੀਲੇ ਪ੍ਰਭਾਵ ਜਿਵੇਂ ਕਿ ਖ਼ੁਰਾਕ ਦਾ ਘੱਟ ਸੇਵਨ, ਦੁੱਧ ਦਾ ਘੱਟ ਉਤਪਾਦਨ, ਪ੍ਰਜਨਣ ਸਮੱਸਿਆਵਾਂ ਆਦਿ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਦਾ ਘਟਣਾ ਦੇਖਣ ਵਿੱਚ ਆਉਂਦੀਆਂ ਹਨ। ਇਹ ਸਮੱਸਿਆਵਾਂ ਵਧ ਕੇ ਪਸ਼ੂ ਦੀ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ।
ਮਨੁੱਖੀ ਸਿਹਤ ’ਤੇ ਪ੍ਰਭਾਵ: ਉੱਲੀ ਦੇ ਸੰਕਰਮਣ ਦਾ ਮੁੱਦਾ ਸਿਰਫ਼ ਪਸ਼ੂਆਂ ਦੇ ਉਤਪਾਦਨ ਦੀ ਕਮੀ ਦਾ ਨਹੀਂ ਹੈ ਸਗੋਂ ਮਨੁੱਖੀ ਸਿਹਤ ’ਤੇ ਕੁਝ ਮਾਈਕੋਟੌਕਸਿਨ ਦੇ ਕੁਪ੍ਰਭਾਵ ਇੱਕ ਵੱਡਾ ਚਿੰਤਾ ਦਾ ਵਿਸ਼ਾ ਹਨ। ਮਾਈਕੋਟੌਕਸਿਨ ਐਫਲਾਟਾਕਸਿਨ M1 (AFM1), ਉੱਲੀ ਦੂਸ਼ਤਿ ਖ਼ੁਰਾਕ ਦਾ ਸੇਵਨ ਕਰਨ ਵਾਲੇ ਪਸ਼ੂਆਂ ਦੇ ਦੁੱਧ ਵਿੱਚ ਪਾਇਆ ਜਾ ਸਕਦਾ ਹੈ। ਕੁਝ ਮਾਈਕੋਟੌਕਸਿਨ (ਖਾਸ ਤੌਰ ’ਤੇ ਏ. ਫਿਊਮੀਗਾਟਸ ਦੇ) ਪਸ਼ੂਆਂ ਦਾ ਰੱਖ-ਰਖਾਅ ਕਰ ਰਹੇ ਕਾਮਿਆਂ ’ਤੇ ਵੀ ਅਸਰ ਕਰ ਸਕਦੇ ਹਨ ਜੋ ਕਿ ਖੇਤ ਮਜ਼ਦੂਰਾਂ ਦੀ ਸਿਹਤ ਲਈ ਜ਼ੋਖ਼ਮ ਨੂੰ ਦਰਸਾਉਂਦਾ ਹੈ।
ਸਾਈਲੇਜ ਵਿੱਚ ਉੱਲੀ ਦੀ ਪਛਾਣ: ਇੱਕ ਬਹੁਤ ਜ਼ਿਆਦਾ ਉੱਲੀ-ਪ੍ਰਭਾਵਤਿ ਸਾਈਲੇਜ ਨੂੰ ਲੰਬੇ ਧਾਗੇ ਵਰਗੇ ਤੰਤੂਆਂ ਅਤੇ ਰੰਗੀਨ ਬਜਿਾਣੂਆਂ ਵੱਲੋਂ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਉੱਲੀ ਸਾਈਲੇਜ ਦੇ ਉਨ੍ਹਾਂ ਹਿੱਸਿਆਂ ਵਿੱਚ ਵਧੇਰੇ ਵਿਕਸਤ ਹੁੰਦੀ ਹੈ ਜਿੱਥੇ ਆਕਸੀਜਨ ਦੀ ਮੌਜੂਦਗੀ ਹੋ ਸਕਦੀ ਹੈ ਜਿਵੇਂ ਕਿ ਸਭ ਤੋਂ ਨਿਚਲੀ ਅਤੇ ਸਭ ਤੋਂ ਉੱਪਰਲੀ ਤਹਿ ਸਟੋਰੇਜ ਦੇ ਦੌਰਾਨ, ਉੱਲੀ ਆਮ ਤੌਰ ’ਤੇ ਸਾਈਲੇਜ ਦੀਆਂ ਸਤਹਿ ਪਰਤਾਂ ਵਿੱਚ ਹੁੰਦੀ ਹੈ, ਪਰ ਸਾਈਲੇਜ ਕੱਢਣ ਵੇਲੇ ਹੋਣ ਵਾਲੀ ਉੱਲੀ (ਐਰੋਬਿਕ ਵਿਗਾੜ) ਪੂਰੇ ਸਾਈਲੇਜ ਨੂੰ ਖ਼ਰਾਬ ਕਰ ਸਕਦੀ ਹੈ।
ਸਾਈਲੇਜ ਵਿੱਚ ਉੱਲੀ ਲੱਗਣ ’ਤੇ ਨਿਯੰਤਰਨ: ਸਾਈਲੇਜ ਬਣਾਉਣ ਲਈ ਵਰਤੇ ਜਾਣ ਵਾਲੇ ਚਾਰੇ ਦੀਆਂ ਫ਼ਸਲਾਂ ਅਤੇ ਇਸ ਦੀਆਂ ਕਿਸਮਾਂ ਤੋਂ ਇਲਾਵਾ, ਕਟਾਈ/ ਵਾਢੀ ਦੀ ਅਵਸਥਾ, ਸਾਈਲੋ ਦੀ ਕਿਸਮ, ਸਟੋਰੇਜ ਦਾ ਤਰੀਕਾ ਅਤੇ ਤਿਆਰ ਸਾਈਲੇਜ ਕੱਢਣ ਵੇਲੇ ਪ੍ਰਬੰਧਨ (ਫੀਡ ਆਊਟ ਪ੍ਰਬੰਧਨ) ਵੀ ਉੱਲੀ ਲੱਗਣ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਵਾਢੀ ਤੋਂ ਪਹਿਲਾਂ ਕੰਟਰੋਲ: ਵਾਢੀ ਤੋਂ ਪਹਿਲਾਂ ਦੇ ਉੱਲੀ ਲੱਗਣ ਨੂੰ ਸਿਫ਼ਾਰਸ਼ ਵਿਗਿਆਨਕ ਸੇਧਾਂ ਨੂੰ ਅਪਣਾ ਕੇ ਘਟਾਇਆ ਜਾ ਸਕਦਾ ਹੈ ਜਿਵੇਂ ਕਿ ਚਾਰੇ ਦੀਆਂ ਉਨ੍ਹਾਂ ਕਿਸਮਾਂ ਦੀ ਵਰਤੋਂ ਜੋ ਸਥਾਨਕ ਸਥਤਿੀਆਂ ਦੇ ਅਨੁਕੂਲ ਹਨ (ਜਿਵੇਂ ਕਿ ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ)। ਸੰਯੁਕਤ ਕੀਟ ਪ੍ਰਬੰਧਨ ਦੁਆਰਾ ਕੀੜੇ ਅਤੇ ਉੱਲੀ ਦੇ ਸੰਕਰਮਣ ਨੂੰ ਰੋਕਣਾ, ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਨਦੀਨਾਂ ਦਾ ਸਹੀ ਪ੍ਰਬੰਧਨ, ਸੋਕੇ ਦੇ ਤਣਾਅ ਨੂੰ ਰੋਕਣ ਲਈ ਸਿੰਜਾਈ ਦੀ ਵਰਤੋਂ, ਸਮੇਂ ਸਿਰ ਫ਼ਸਲੀ ਚੱਕਰ ਦੀ ਤਬਦੀਲੀ ਅਤੇ ਸਹੀ ਖਾਦ ਪ੍ਰਬੰਧ ਆਦਿ ਕਰਨਾ; ਮਾਈਕੋਟੌਕਸਿਨ ਦੇ ਜ਼ੋਖ਼ਮ ਨੂੰ ਘਟਾਉਣ ਲਈ ਮਹੱਤਵਪੂਰਨ ਹੈ।
ਵਾਢੀ ਦੌਰਾਨ ਕੰਟਰੋਲ: ਵਾਢੀ ਲਈ ਸਿਫ਼ਾਰਸ਼ ਅਨੁਸਾਰ ਸਰਵੋਤਮ ਅਵਸਥਾ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਵਧੇਰੇ ਉਪਜ ਅਤੇ ਖ਼ੁਰਾਕੀ ਤੱਤ ਭਰਪੂਰ ਚਾਰਾ ਮਿਲ ਜਾਵੇ। ਉਦਾਹਰਨ ਲਈ ਜਦੋਂ ਦਾਣੇ ਦੁੱਧ ਦੇ ਪੜਾਅ ’ਤੇ ਹੁੰਦੇ ਹਨ ਜਾਂ 2.5 ਮਿਲਕ ਲਾਈਨ ਸਕੋਰ (MLS) ’ਤੇ ਹੁੰਦੇ ਹਨ, ਭਾਵ ਜਦੋਂ ਦੁੱਧ ਦੀ ਲਾਈਨ ਦਾਣੇ ਦੇ ਅੱਧੇ ਹੇਠਾਂ ਹੁੰਦੀ ਹੈ ਤਾਂ ਅਜਿਹੀ ਮੱਕੀ ਦਾ ਚਾਰਾ ਸਾਈਲੇਜ ਬਣਾਉਣ ਲਈ ਸਭ ਤੋਂ ਵਧੀਆ ਹੈ।
ਚਾਰੇ ਵਿੱਚ ਮਿੱਟੀ ਦੀ ਗੰਦਗੀ ਨੂੰ ਘੱਟ ਕਰਨ ਲਈ ਫ਼ਸਲ ਦੀ ਕਟਾਈ ਦੀ ਉੱਚਾਈ ਨਿਰਧਾਰਤਿ ਕੀਤੀ ਜਾਣੀ ਚਾਹੀਦੀ ਹੈ। ਵਾਢੀ ਵੇਲੇ ਤਿੱਖੇ ਬਲੇਡ ਦੀ ਵਰਤੋਂ ਕਰਨ ਨਾਲ ਸਾਈਲੋ ਨੂੰ ਛੇਤੀ ਭਰਨ ਦਾ ਟੀਚਾ ਪੂਰਾ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਮਾਈਕੋਟੌਕਸਿਨ ਦੇ ਖ਼ਤਰੇ ਨੂੰ ਘੱਟ ਕਰਨ ਲਈ ਚਾਰੇ ਦੀ ਛੇਤੀ ਤੋਂ ਛੇਤੀ ਕਟਾਈ ਅਤੇ ਪੈਕਿੰਗ ਜ਼ਰੂਰੀ ਹੈ ਕਿਉਂਕਿ ਸਟੋਰੇਜ ਵਿੱਚ ਦੇਰੀ ਨਾਲ ਵਾਤਾਵਰਨ ਦਾ ਤਾਪਮਾਨ ਅਤੇ ਨਮੀ ਉੱਲੀ ਅਤੇ ਮਾਈਕੋਟੌਕਸਿਨ ਦੇ ਵਿਕਾਸ ਲਈ ਅਨੁਕੂਲ ਸਥਤਿੀਆਂ ਪੈਦਾ ਕਰ ਸਕਦੇ ਹਨ।
ਸਾਈਲੇਜ ਬਣਾਉਣ ਦੌਰਾਨ ਕੰਟਰੋਲ: ਸਿਫ਼ਾਰਸ਼ ਕੀਤੇ DM/ਨਮੀ ਦੇ ਪੱਧਰ (35% DM) ਅਤੇ ਕਟਾਈ ਦੀ ਅਵਸਥਾ ’ਤੇ ਵੱਢੇ ਚਾਰੇ ਨੂੰ ਇੱਕ ਢੁੱਕਵੇਂ ਸਾਈਲੋ ਵਿੱਚ ਤੇਜ਼ੀ ਨਾਲ ਭਰਿਆ ਜਾਣਾ ਚਾਹੀਦਾ ਹੈ। ਚਾਰੇ ਦੀ ਘੱਟੋ-ਘੱਟ 700 ਕਿਲੋ/ ਮੀ3 ਦੀ ਪੈਕਿੰਗ ਘਣਤਾ ਨਾਲ ਤੁਆਈ ਕੀਤੀ ਜਾਣੀ ਚਾਹੀਦੀ ਹੈ ਅਤੇ ਐਨਾਇਰੋਬਿਕ ਸਥਤਿੀਆਂ (ਆਕਸੀਜਨ ਦੀ ਗ਼ੈਰ*ਮੌਜੂਦਗੀ) ਨੂੰ ਸੁਰੱਖਿਅਤ ਰੱਖਣ ਲਈ ਸਾਈਲੋ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਪਿੱਟ ਵਿੱਚ ਸਾਈਲੇਜ ਬਣਾਉਣ ਲਈ ਪਸ਼ੂਆਂ ਦੇ ਸ਼ੈੱਡ ਅਤੇ ਚਾਰੇ ਵਾਲੇ ਖੇਤ ਦੇ ਨੇੜੇ ਹੀ ਉੱਚੇ ਪੱਧਰ ’ਤੇ ਇੱਕ ਆਇਤਾਕਾਰ ਪਿੱਟ ਹੋਣਾ ਚਾਹੀਦਾ ਹੈ ਇਸ ਨਾਲ ਸਾਈਲੇਜ ਬਣਾਉਣ ਦੌਰਾਨ ਅਤੇ ਫੀਡ ਆਊਟ ਦੌਰਾਨ ਉੱਲੀ ਲੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਸਾਈਲੋ ਦਾ ਆਕਾਰ ਅਤੇ ਕਿਸਮ ਜਾਨਵਰਾਂ ਦੀ ਗਿਣਤੀ ਅਤੇ ਚਾਰੇ ਦੀ ਉਪਲਬਧਤਾ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇੱਕ ਕਿਊਬਿਕ ਮੀਟਰ (35.31 ਘਣ ਫੁੱਟ) ਆਕਾਰ ਦੇ ਇੱਕ ਸਾਈਲੋ ਵਿੱਚ ਲਗਪਗ 6-7 ਕੁਇੰਟਲ ਹਰਾ ਚਾਰਾ ਆ ਸਕਦਾ ਹੈ। ਸਾਇਲੋ ਦਾ ਆਕਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਚਾਰੇ ਦੇ ਤੁਆਈ ਲਈ ਟਰੈਕਟਰ ਆਸਾਨੀ ਨਾਲ ਚੱਲ ਸਕੇ। ਸਾਈਲੋ ਦੀ ਲਗਪਗ 12-15 ਫੁੱਟ ਚੌੜਾਈ (ਟਰੈਕਟਰ ਦੀ ਚੌੜਾਈ ਤੋਂ ਦੁੱਗਣੀ ਤੋਂ ਵੱਧ) ਵਧੀਆ ਰਹਿੰਦੀ ਹੈ। 40x15x5.5 ਘਣ ਫੁੱਟ ਦੇ ਮਾਪ ਵਾਲਾ ਇੱਕ ਸਾਈਲੋ ਲਗਪਗ 1.0 ਹੈਕਟੇਅਰ ਖੇਤਰ ਵਿੱਚ ਪੈਦਾ ਹੋਏ ਕਰੀਬ 600 ਕੁਇੰਟਲ ਹਰੇ ਚਾਰੇ ਨੂੰ ਸਟੋਰ ਕਰ ਸਕਦਾ ਹੈ। ਧਿਆਨ ਦੇਣ ਯੋਗ ਹੈ ਕਿ ਸਾਈਲੋ ਦੀਆਂ ਕੰਧਾਂ ਸਿੱਧੀਆਂ ਹੋਣ ਦੀ ਬਜਾਇ 110 ਡਿਗਰੀ ਦੇ ਕੋਣ ’ਤੇ ਝੁਕੀਆਂ ਹੋਣੀਆਂ ਚਾਹੀਦੀਆਂ ਹਨ। ਬੰਕਰ ਸਾਈਲੋ ਦੀਆਂ ਪਾਸੇ ਦੀਆਂ ਕੰਧਾਂ ਦੋਹਰੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਵਿਚਕਾਰ ਪਾੜੇ ਵਿੱਚ ਮਿੱਟੀ ਭਰਨ ਨਾਲ ਕੰਧਾਂ ਦੀ ਤਾਕਤ ਦੁੱਗਣੀ ਹੋ ਜਾਂਦੀ ਹੈ।
ਸਾਈਲੇਜ ਬਣਨ ਦੀ ਕਿਰਿਆ ਦੌਰਾਨ ਘੱਟ pH ਅਤੇ ਐਨਾਇਰੋਬਿਕ ਸਥਤਿੀਆਂ ਜ਼ਹਿਰੀਲੇ ਉੱਲੀ ਦੇ ਵਿਕਾਸ ਨੂੰ ਰੋਕਦੀਆਂ ਹਨ ਅਤੇ ਸਾਈਲੇਜ ਵਿੱਚ ਮਾਈਕੋਟੌਕਸਿਨ ਦੇ ਉਤਪਾਦਨ ਨੂੰ ਘਟਾਉਂਦੀਆਂ ਹਨ। ਇਸ ਲਈ ਉਪਰੋਕਤ ਸਾਰੇ ਨੁਕਤੇ ਅਪਣਾ ਕੇ ਸਾਈਲੋ ਭਰਨ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਸੀਲ ਕਰਨਾ ਜ਼ਰੂਰੀ ਹੈ ਤਾਂ ਜੋ ਉਪਯੁਕਤ pH ਅਤੇ ਐਨਾਇਰੋਬਿਕ ਸਥਤਿੀਆਂ ਪੈਦਾ ਹੋ ਜਾਣ।
ਫੀਡ ਆਊਟ ਦੌਰਾਨ ਕੰਟਰੋਲ: ਇੱਕ ਵਾਰ ਸਾਈਲੇਜ ਖੋਲ੍ਹਣ ਤੋਂ ਬਾਅਦ ਹਵਾ ਲੱਗਣ ’ਤੇ ਸਾਈਲੇਜ ਵਿੱਚ ਯੀਸਟ ਪੈਦਾ ਹੋ ਜਾਂਦਾ ਹੈ ਜੋ ਕਿ ਸਾਈਲੇਜ ਦੇ ਲੈਕਟਿਕ ਐਸਿਡ ਦੀ ਵਰਤੋਂ ਕਰ ਕੇ CO2 ਗੈਸ ਪੈਦਾ ਕਰਦੇ ਹਨ ਅਤੇ pH ਨੂੰ ਵਧਾਉਂਦੇ ਹਨ। ਵਧੇ ਹੋਏ pH ਅਤੇ ਆਕਸੀਜਨ ਦੀ ਮੌਜੂਦਗੀ ਵਜੋਂ ਜਰਾਸੀਮ ਅਤੇ ਜ਼ਹਿਰੀਲੀ ਉੱਲੀ ਪੈਦਾ ਹੋ ਜਾਂਦੀ ਹੈ। ਫੀਡ ਆਊਟ ਦੌਰਾਨ ਹੋਣ ਵਾਲੇ ਐਰੋਬਿਕ ਵਿਗਾੜ ਤੋਂ ਬਚਣ ਲਈ ਮਾੜੀਆਂ ਪ੍ਰਬੰਧਨ ਸਥਤਿੀਆਂ ਜਿਵੇਂ ਕਿ ਚੂਹਿਆਂ, ਪੰਛੀਆਂ, ਜਾਨਵਰਾਂ ਦੁਆਰਾ ਪੌਲੀਥੀਨ ਨੂੰ ਨੁਕਸਾਨ ਪਹੁੰਚਾਉਣਾ, ਫੀਡ ਆਊਟ ਹੋਣ ਤੋਂ ਬਾਅਦ ਪੌਲੀਥੀਨ ਨੂੰ ਖੁੱਲ੍ਹਾ ਛੱਡ ਦੇਣਾ ਆਦਿ ਤੋਂ ਬਚਾਅ ਰੱਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਫੀਡ-ਆਊਟ ਦੌਰਾਨ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ:
• ਕੱਢਣ ਵੇਲੇ ਸਾਈਲੇਜ ਇੱਕ ਪਾਸੇ ਤੋਂ ਖੋਲ੍ਹਣਾ ਚਾਹੀਦਾ ਹੈ ਅਤੇ ਇਸ ’ਤੇ ਉੱਪਰ ਤੋਂ ਥੱਲੇ ਸਿੱਧਾ ਕੱਟ ਲਾਉਣਾ ਚਾਹੀਦਾ ਹੈ ਤਾਂ ਜੋ ਕੱਢਣ ਤੋਂ ਬਾਅਦ ਆਚਾਰ ਦੀ ਇੱਕ ਸਿੱਧੀ ਤਹਿ ਬਣੀ ਰਹੇ।
• ਪ੍ਰਤੀ ਦਿਨ ਘੱਟੋ ਘੱਟ 10-16 ਸੈਂਟੀਮੀਟਰ ਦੀ ਤਹਿ ਦੇ ਦਰ ਨਾਲ ਆਚਾਰ ਕੱਢਣਾ ਚਾਹੀਦਾ ਹੈ ਅਤੇ ਤੁਰੰਤ ਪਸ਼ੂਆਂ ਨੂੰ ਖਿਲਾ ਦੇਣਾ ਚਾਹੀਦਾ ਹੈ। ਕੱਢਣ ਤੋਂ ਬਾਅਦ ਪਿੱਟ ਵਿਚ ਰਹਿ ਗਏ ਸਾਈਲੇਜ ਨੂੰ ਤੁਰੰਤ ਚੰਗੀ ਤਰ੍ਹਾਂ ਢਕ ਦਿਓ।
• ਖ਼ਰਾਬ ਹੋਈ ਸਾਈਲੇਜ ਨੂੰ ਪਸ਼ੂਆਂ ਨੂੰ ਬਿਲਕੁਲ ਨਾ ਪਾਓ ਅਤੇ ਇਸ ਨੂੰ ਚੰਗੀ ਗੁਣਵੱਤਾ ਦੇ ਸਾਈਲੇਜ ਨਾਲ ਨਾ ਮਿਲਾਓ।
ਕੁਝ ਹੋਰ ਚਤਿਾਵਨੀਆਂ:
• ਸਾਈਲੇਜ ਬਣਾਉਣ ਲਈ ਪਹਿਲਾਂ ਵਰਤੇ ਜਾ ਰਹੇ ਸਾਈਲੋ ਦੀ ਸਫ਼ਾਈ ਕਰਨਾ ਅਤੇ ਪੈਕਿੰਗ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਸੀਲ ਕਰਨਾ ਉੱਲੀ ਨੂੰ ਦੂਰ ਰੱਖਦਾ ਹੈ।
• ਸਾਈਲੇਜ ਕਰਨ ਵਾਲੇ ਪਲਾਸਟਿਕ ਦੇ ਉੱਪਰ ਵੀ ਭਾਰ ਦੇਣਾ ਚਾਹੀਦਾ ਹੈ (ਲਗਪਗ 20 ਟਾਇਰ/100 ਵਰਗ ਫੁੱਟ)।
• ਸਾਈਲੇਜ ਕਰਨ ਵਾਲੇ ਪਲਾਸਟਿਕ ਦੀ ਛੇਕਾਂ ਲਈ ਨਿਯਮਤਿ ਜਾਂਚ ਕਰੋ ਅਤੇ ਫਟਿਆ ਨਜ਼ਰ ਆਉਣ ’ਤੇ ਤੁਰੰਤ ਸੀਲ ਕਰ ਦਿਓ।
• ਸਾਈਲੇਜ ਐਡਿਟਿਵ (ਐਸਿਡ, ਐਨਜ਼ਾਈਮ, ਇਨੋਕੂਲੈਂਟਸ) ਦੀ ਵਰਤੋਂ ਉੱਲੀ ਦੇ ਸੰਕਰਮਣ ਤੋਂ ਬਚਣ ਲਈ ਜ਼ਰੂਰੀ pH ਸਥਤਿੀਆਂ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ।