ਪਸ਼ੂ ਟਿੱਪਰ ਹੇਠ ਆਏ; ਇਲਾਕੇ ’ਚ ਤਣਾਅ
ਜਗਮੋਹਨ ਸਿੰਘ
ਘਨੌਲੀ, 7 ਅਕਤੂਬਰ
ਇੱਥੇ ਅੱਜ ਉਸ ਸਮੇਂ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ, ਜਦੋਂ ਥਰਮਲ ਪਲਾਂਟ ਦੀ ਸੁਆਹ ਦੀ ਢੋਅ ਢੁਆਈ ਕਰਦੇ ਟਿੱਪਰਾਂ ਹੇਠ ਆਉਣ ਕਾਰਨ ਦੋ ਵੱਛਿਆਂ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਘਨੌਲੀ ਦੇ ਭਾਜਪਾ ਆਗੂ ਬੰਤ ਲਹਿਰਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ ’ਤੇ ਪੁੱਜ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੜਕ ਜਾਮ ਕਰਨ ਦੀ ਚਿਤਾਵਨੀ ਦਿੱਤੀ।
ਬੰਤ ਲਹਿਰਾ ਤੇ ਉਨ੍ਹਾਂ ਦੇ ਸਾਥੀਆਂ ਸੰਜੀਵ ਕੁਮਾਰ ਸੰਜੂ, ਮੋਹਿਤ ਸ਼ਰਮਾ, ਅਦਿੱਤਿਆ ਤਿਵਾੜੀ, ਜੀਵਨ ਕੁਮਾਰ, ਸਤਨਾਮ ਸਿੰਘ ਸੱਤੂ, ਮੋਹਿਤ ਸ਼ਰਮਾ, ਪੰਕਜ ਸ਼ਰਮਾ, ਲਾਡੀ ਘਨੌਲੀ ਤੇ ਲਾਡੀ ਰਾਜਪੂਤ ਨੇ ਦੋਸ਼ ਲਾਇਆ ਕਿ ਟਿੱਪਰਾਂ ਦੀ ਗਤੀ ਤੇਜ਼ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਤੰਗ ਸੜਕ ’ਤੇ ਟਿੱਪਰਾਂ ਦੀ ਆਵਾਜਾਈ ਰੋਕਣ ਦੀ ਬਜਾਏ ਖਾਲੀ ਟਿੱਪਰ ਵੀ ਇਸੇ ਸੜਕ ਤੋਂ ਲੰਘਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਟਿੱਪਰਾਂ ਨੂੰ ਪੁਰਾਣੇ ਰਸਤੇ ਰਾਹੀਂ ਚਲਾਇਆ ਜਾਵੇ। ਇਸੇ ਦੌਰਾਨ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਹਰਮੇਸ਼ ਕੁਮਾਰ ਤੇ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਵੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਪ੍ਰਦਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਵਾਪਰਨ ਤੋਂ ਰੋਕਣ ਲਈ ਸੁਆਹ ਢੋਣ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਬੁਲਾ ਕੇ ਟਿੱਪਰਾਂ ਦੀ ਸਪੀਡ ਹੌਲੀ ਰੱਖਣ ਦੀ ਹਦਾਇਤ ਕੀਤੀ ਜਾਵੇਗੀ ਅਤੇ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਲਈ ਹੋਰ ਵੀ ਕਾਰਗਾਰ ਕਦਮ ਚੁੱਕੇ ਜਾਣਗੇ। ਇਸ ਉਪਰੰਤ ਪੁਲੀਸ ਅਤੇ ਥਰਮਲ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਮੱਦਦ ਨਾਲ ਦੋਵੇਂ ਵੱਛਿਆ ਨੂੰ ਦਫਨਾ ਦਿੱਤਾ ਗਿਆ ਜਿਸ ਮਗਰੋਂ ਮਾਹੌਲ ਸ਼ਾਂਤ ਹੋ ਗਿਆ।