ਬਰਸਾਤੀ ਨਦੀਆਂ ’ਚ ਵਸਦੇ ਪਸ਼ੂ ਪਾਲਕਾਂ ਨੇ ਸਰਕਾਰੀ ਹੁਕਮ ਵਿਸਾਰੇ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 23 ਜੁਲਾਈ
ਬਰਸਾਤ ਮੌਸਮ ਦੌਰਾਨ ਨਦੀਆਂ ਵਿੱਚ ਆਉਂਦੇ ਹੜ੍ਹਾਂ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਸੰਭਾਵੀਂ ਹੜ੍ਹਾਂ ਕਾਰਨ ਵੱਖ-ਵੱਖ ਜਲ ਸ੍ਰੋਤਾਂ ਦੇ 20 ਮੀਟਰ ਦੇ ਦਾਇਰੇ ਵਿੱਚ ਦਾਖਲੇ ਉਤੇ 30 ਸਤੰਬਰ ਤੱਕ ਪਾਬੰਦੀ ਲਗਾਈ ਹੋਈ ਹੈ, ਪਰ ਡੀਸੀ ਦੇ ਹੁਕਮਾਂ ਨੂੰ ਪਰਵਾਸੀ ਲੋਕ ਟਿੱਚ ਜਾਣਦੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਨੇ ਆਪਣੇ ਪਾਲਤੂ ਪਸ਼ੂਆਂ ਚਾਰਨ ਮਗਰੋਂ ਸ਼ਾਮ ਵੇਲੇ ਆਪ ਆਰਾਮ ਕਰਨ ਅਤੇ ਪਸ਼ੂਆਂ ਨੂੰ ਬੈਠਣ ਆਦਿ ਲਈ ਨਦੀਆਂ, ਨਾਲਿਆਂ ਵਿੱਚ ਆਰਾਮਗਾਹ ਬਣਾਈਆਂ ਹੋਈਆਂ ਹਨ।
ਸਿਸਵਾਂ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਬਰਸਾਤੀ ਨਦੀ ਜੋ ਪਿੰਡ ਪੜੌਲ, ਕੰਸਾਲਾ, ਢਕੋਰਾਂ ਫਾਟਵਾਂ ਰਾਹੀਂ ਹੁੰਦੀ ਹੋਈ ਅੱਗੇ ਦੁਸਾਰਨਾ, ਕੁਰਾਲੀ ਵਾਲੀ ਨਦੀ ਵਿੱਚ ਜਾ ਰਲਦੀ ਹੈ, ਇਸ ਪੜੌਲ ਵਾਲੀ ਨਦੀ ’ਤੇ ਬਣੇ ਪੁਲ ਹੇਠਾਂ ਇਨ੍ਹਾਂ ਲੋਕਾਂ ਵੱਲੋਂ ਛੱਪਰ ਬਣਾਏ ਆਮ ਦੇਖੇ ਜਾ ਸਕਦੇ ਹਨ। ਪਿੰਡ ਜੈਯੰਤੀ ਮਾਜਰੀ ਇਲਾਕੇ ਵਿੱਚੋਂ ਆਉਂਦੀ ਅਤੇ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਨਿਕਲਦੀ ਨਦੀ ਵਿੱਚ ਗਾਵਾਂ, ਮੱਝਾਂ ਵਾਲਿਆਂ ਵੱਲੋਂ ਪਾਈਆਂ ਹੋਈਆਂ ਛੰਨਾਂ ਆਮ ਦੇਖੀਆਂ ਜਾ ਸਕਦੀਆਂ ਹਨ।
ਇਸੇ ਤਰ੍ਹਾਂਂ ਨਵਾਂ ਗਾਉਂ ਦੀ ਸਿੰਘਾ ਦੇਵੀ ਕਲੋਨੀ ਵਿੱਚੋਂ ਨਿਕਲਦੀ ਪਟਿਆਲਾ ਦੀ ਰਾਉ ਨਦੀ ਦੇ ਐਨ ਕੰਢੇ ਉੱਤੇ ਜਾਣ ਕਈ ਪਰਵਾਸੀ ਲੋਕਾਂ ਨੇ ਆਪਣੇ ਘਰ ਪੱਕੇ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸੁਰਜੀਤ ਸਿੰਘ, ਸੁਰਿੰਦਰ ਸਿੰਘ, ਪ੍ਰਧਾਨ ਅਜੀਤ ਸਿੰਘ ਭੜੌਜੀਆਂ, ਕੁਲਵੰਤ ਸਿੰਘ ਡਰਾਈਵਰ, ਤੇਜੀ ਪੜੌਲ ਆਦਿ ਲੋਕਾਂ ਦਾ ਕਹਿਣਾ ਹੈ ਕਿ ਮੁਹਾਲੀ ਦੇ ਡੀਸੀ ਹੁਕਮ ਇਨ੍ਹਾਂ ਲੋਕਾਂ ਨੂੰ ਦੱਸਣ ਲਈ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਫਸਰ ਨਜ਼ਰੀ ਨਹੀਂ ਆਇਆ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਨਦੀਆਂ ਵਿੱਚੋਂ ਉਠਾ ਕੇ ਕਿਸੇ ਉੱਚੀ ਥਾਂ ਵਿੱਚ ਬੈਠਣ ਦੇ ਹੁਕਮ ਕੀਤੇ ਜਾਣ।