ਜਾਤੀ ਲਾਮਬੰਦੀ: ਸਿਆਸਤ ਦੇ ਗੁੱਝੇ ਇਸ਼ਾਰੇ
ਰਾਜੇਸ਼ ਰਾਮਚੰਦਰਨ
ਸਨਾਤਨ ਧਰਮ ਦਾ ਅਰਥ ਹੈ ਸਦੀਵੀ ਕਦਰਾਂ ਕੀਮਤਾਂ। ਫਿਰ ਸਨਾਤਨ ਧਰਮ ਦੀ ਤਸ਼ਬੀਹ ਬਹੁਤ ਹੀ ਘਿਨਾਉਣੀ ਬਿਮਾਰੀ ਨਾਲ ਕਰਨ ਦੀ ਗੱਲ ਨੂੰ ਰਹਿਣ ਦਿਓ, ਭਲਾ ਸਦੀਵੀ ਕਦਰਾਂ ਕੀਮਤਾਂ ਨਾਲ ਡੀਐੱਮਕੇ ਦੀ ਲੀਡਰਸ਼ਿਪ ਦਾ ਕੀ ਵੈਰ ਹੋਣਾ ਚਾਹੀਦਾ ਹੈ? ਤਥਾਕਥਿਤ ਦ੍ਰਾਵਿੜ ਰਾਜਨੀਤੀ ਦੇ ਗੁੱਝੇ ਇਸ਼ਾਰੇ ਦੀਆਂ ਜੜ੍ਹਾਂ ਇੱਥੇ ਹੀ ਪਈਆਂ ਹਨ। ਤਾਮਿਲ ਨਾਡੂ ਦੀਆਂ ਪੱਛੜੀਆਂ ਜਾਤਾਂ ਦੀ ਚੁਣਾਵੀ ਰਾਜਨੀਤੀ ਜਿਸ ਨੂੰ ਦ੍ਰਾਵਿੜਵਾਦੀ ਵਿਚਾਰਧਾਰਾ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ, ਵਿਚ ਬ੍ਰਾਹਮਣਾਂ ਨੂੰ ਨੀਵਾਂ ਦਿਖਾਉਣ ਲਈ ਸਨਾਤਨ ਧਰਮ ਨੂੰ ਗੁੱਝੇ ਸ਼ਬਦ ਜਾਂ ਫਿਕਰੇ ਦੇ ਤੌਰ ’ਤੇ ਵਰਤਿਆ ਜਾਂਦਾ ਹੈ ਪਰ ਕਿਸੇ ਹੋਰ ਦੱਖਣੀ ਸੂਬੇ ਵਿਚ ਇਹ ਇਸ਼ਾਰਾ ਪ੍ਰਚੱਲਤ ਨਹੀਂ ਹੈ।
ਤਾਮਿਲ ਨਾਡੂ ਵਿਚ ਪੱਛੜੀਆਂ ਜਾਤਾਂ ਦੇ ਆਗੂਆਂ ਅਤੇ ਵੋਟਰਾਂ ਲਈ ‘ਸਨਾਤਨ ਧਰਮ’ ਸ਼ਬਦ ਬ੍ਰਾਹਮਣਵਾਦੀ ਧੌਂਸ, ਆਡੰਬਰ, ਅੰਧ-ਵਿਸ਼ਵਾਸ ਅਤੇ ਜਗੀਰੂ ਚੌਧਰ ਦਾ ਪ੍ਰਤੀਕ ਹੈ। ਠੀਕ ਜਿਵੇਂ ਹਿੰਦੂਤਵੀ ਸਿਆਸਤਦਾਨ ‘ਹਿੰਦੂਤਵ’ ਸ਼ਬਦ ਵਰਤ ਕੇ ਮੁਸਲਮਾਨਾਂ ਖਿਲਾਫ਼ ਇਸ ਗੁੱਝੇ ਇਸ਼ਾਰੇ ਦਾ ਇਸਤੇਮਾਲ ਕਰਦੇ ਹਨ, ਉਵੇਂ ਹੀ ਤਾਮਿਲ ਨਾਡੂ ਦੇ ਪੱਛੜੀਆਂ ਜਾਤਾਂ ਦੇ ਸਿਆਸਤਦਾਨ ਬ੍ਰਾਹਮਣ ਵਿਰੋਧੀ ਭਾਵਨਾਵਾਂ ਉਕਸਾਉਣ ਅਤੇ ਆਪਣੀਆਂ ਜਾਤਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ‘ਸਨਾਤਨ ਧਰਮ’ ਸ਼ਬਦ ਦੀ ਵਰਤੋਂ ਕਰਦੇ ਹਨ। ਦਰਅਸਲ, ਈਵੀ ਰਾਮਾਸਾਮੀ ਨਾਇਕਰ ਜੋ ਪੇਰੀਆਰ ਵਜੋਂ ਜਾਣੇ ਜਾਂਦੇ ਹਨ, ਨੇ ਬ੍ਰਾਹਮਣਾਂ ਖਿਲਾਫ਼ ਇਸ ਨਫ਼ਰਤ ਨੂੰ ਵਿਚਾਰਧਾਰਾ ਦਾ ਜਾਮਾ ਪਹਿਨਾਇਆ ਸੀ ਅਤੇ ਦ੍ਰਾਵਿੜਾਰ ਕੜਗਮ ਮੰਚ ਬਣਾਇਆ ਸੀ।
ਦਿਲਚਸਪ ਗੱਲ ਇਹ ਹੈ ਕਿ ਆਰਐੱਸਐੱਸ ਅਤੇ ਦ੍ਰਾਵਿੜਾਰ ਕੜਗਮ ਇੱਕੋ ਸਾਲ, ਭਾਵ 1925 ਵਿਚ ਬਣੇ ਸਨ ਅਤੇ ਇਨ੍ਹਾਂ ਦੋਵਾਂ ’ਤੇ ਇਨ੍ਹਾਂ ਦੇ ਆਲੋਚਕਾਂ ਵਲੋਂ ਅੰਗਰੇਜ਼ ਭਗਤ ਹੋਣ ਦਾ ਦੋਸ਼ ਲਾਇਆ ਜਾਂਦਾ ਸੀ। ਪੇਰੀਆਰ ਜਦੋਂ ਮਦਰਾਸ ਪ੍ਰੈਜ਼ੀਡੈਂਸੀ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦੇ ਸਨ, ਉਦੋਂ ਅੰਗਰੇਜ਼ਾਂ ਨਾਲੋਂ ਜਿ਼ਆਦਾ ਬ੍ਰਾਹਮਣਾਂ ਖਿਲਾਫ਼ ਲੜਾਈ ਲੜਨ ਲਈ ਜਾਣੇ ਗਏ ਸਨ ਅਤੇ ਉਨ੍ਹਾਂ ਅੰਗਰੇਜ਼ਾਂ ਪੱਖੀ ਜਸਟਿਸ ਪਾਰਟੀ ਨਾਲ ਹੱਥ ਮਿਲਾ ਲਏ ਸਨ; ਦਿਲਚਸਪ ਗੱਲ ਇਹ ਹੈ ਕਿ ਉਸ ਦੀ ਅਗਵਾਈ ਇਕ ਨਾਇਰ ਆਗੂ ਕਰਦੇ ਸਨ (ਪੇਰੀਆਰ ਲਈ ਸਾਰੇ ਗ਼ੈਰ-ਬ੍ਰਾਹਮਣ ਸ਼ੋਸ਼ਿਤ ਹੀ ਸਨ ਭਾਵੇਂ ਉਹ ਕਿੰਨੇ ਮਰਜ਼ੀ ਜਗੀਰਦਾਰ ਹੋਣ)। ਫਿਰ ਦ੍ਰਾਵਿੜ ਸਿਆਸਤਦਾਨ ਆਮ ਤੌਰ ’ਤੇ ਮੱਧ ਵਰਗ ਨਾਲ ਤੁਅੱਲਕ ਰੱਖਦੇ ਸਨ ਹਾਲਾਂਕਿ ਤਕਨੀਕੀ ਤੌਰ ’ਤੇ ਉਹ ਪੱਛੜੀਆਂ ਅਤੇ ਅਤਿ ਪੱਛੜੀਆਂ ਜਾਤਾਂ ਦੀ ਸ਼੍ਰੇਣੀ ਵਿਚ ਗਿਣੇ ਜਾਂਦੇ ਸਨ। ਆਪਣੇ ਆਪ ਨੂੰ ਚੋਲ ਅਤੇ ਪਾਂਡੀਆ ਵੰਸ਼ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਬਹੁਤੇ ਲੋਕ ਤਾਮਿਲ ਨਾਡੂ ਵਿਚ ਪੱਛੜੀਆਂ ਜਾਤੀਆਂ ਦੇ ਕੋਟੇ ਦੇ ਲਾਭਪਾਤਰੀ ਹਨ।
ਇਸ ਲਈ ਪੇਰੀਆਰ ਦੀ ਰਾਜਨੀਤੀ ਪੱਛੜੀਆਂ ਜਾਤਾਂ ਦੇ ਮਾਣ ਤਾਣ ਅਤੇ ਸ਼ਕਤੀ ਦੇ ਰਾਸ ਆਉਂਦੀ ਸੀ ਕਿਉਂਕਿ ਇਸ ਜ਼ਰੀਏ ਬਹੁਤ ਹੀ ਘੱਟ ਸੰਖਿਆ ਵਾਲੇ ਬ੍ਰਾਹਮਣ ਚੁਣਾਵੀ ਤੌਰ ’ਤੇ ਗ਼ੈਰ/ਬਾਹਰਲੀ ‘ਨਸਲ’ ਵਜੋਂ ਪੇਸ਼ ਕਰ ਦਿੱਤੇ ਜਾਂਦੇ ਸਨ। ਕਾਂਗਰਸ ਵਿਚ ਬ੍ਰਾਹਮਣ ਆਗੂਆਂ ਦੀ ਕਾਫ਼ੀ ਸੰਖਿਆ ਸੀ ਅਤੇ ਇਸ ਤਰ੍ਹਾਂ ਪੇਰੀਆਰ ਨੇ ਸਨਾਤਨ ਧਰਮ ਦਾ ਜੋ ਫਿਕਰਾ ਘਡਿ਼ਆ ਸੀ, ਉਹ ਅਸਲ ਵਿਚ ਕਾਂਗਰਸ ਅਤੇ ਮਹਾਤਮਾ ਗਾਂਧੀ ’ਤੇ ਹਮਲਾ ਸੀ। ਪੇਰੀਆਰ ਨੇ ਆਜ਼ਾਦੀ ਲਹਿਰ ਦਾ ਵਿਰੋਧ ਕੀਤਾ ਸੀ ਅਤੇ 1947 ਵਿਚ ਆਜ਼ਾਦੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਉਸ ਦੇ ਅੰਗਰੇਜ਼ ਪੱਖੀ ਝੁਕਾਅ ਜ਼ਾਹਿਰ ਹੋ ਗਏ ਸਨ। ਇਹ ਉਹੀ ਅੰਗਰੇਜ਼ ਪੱਖੀ ਅਤੇ ਬ੍ਰਾਹਮਣ ਵਿਰੋਧੀ ਰਾਜਨੀਤੀ ਸੀ ਜਿਸ ਨੇ ਤਾਮਿਲ ਵੱਖਵਾਦ ਦਾ ਬੌਧਿਕ ਸਾਂਚਾ ਤਿਆਰ ਕੀਤਾ ਸੀ ਅਤੇ ਜਿਸ ਕਰ ਕੇ ਦੇਸ਼ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਮੇਤ ਬਹੁਤ ਸਾਰੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਸ੍ਰੀਲੰਕਾ ਦੀ ਐੱਲਟੀਟੀਈ ਲੀਡਰਸ਼ਿਪ ਆਪਣੀ ਲਹਿਰ ਲਈ ਹਮੇਸ਼ਾ ਅਤਿਵਾਦੀ ਦ੍ਰਾਵਿੜ ਕੜਗਮ ਦੀ ਧਾਰਨਾ ਦੀ ਟੇਕ ਲੈਂਦੀ ਸੀ।
ਜੇ ਇਸ ਵਿਚ ਕੋਈ ਦੰਭ ਛੁਪਿਆ ਹੁੰਦਾ ਤਾਂ ਇਹ ਸਭ ਕੁਝ ਠੀਕ-ਠਾਕ ਹੀ ਹੋਣਾ ਸੀ। ਤਾਮਿਲ ਨਾਡੂ ਵਿਚ ਇਸ ਵੇਲੇ ਬ੍ਰਾਹਮਣਾਂ ਦੀ ਸੰਖਿਆ ਬਹੁਤ ਮਾਮੂਲੀ ਹੈ ਅਤੇ ਉਹ ਖੁਸ਼ਹਾਲੀ ਦੀ ਤਲਾਸ਼ ਵਿਚ ਆਪਣੀ ਸਰਜ਼ਮੀਨ ਛੱਡ ਕੇ ਦੌੜ ਰਹੇ ਹਨ। ਮੰਦਰਾਂ ਅਤੇ ਵਡੇਰੇ ਭਾਈਚਾਰੇ ’ਤੇ ਬ੍ਰਾਹਮਣਾਂ ਦਾ ਦਬਦਬਾ ਹੁਣ ਬੀਤੇ ਦੀ ਗੱਲ ਹੋ ਕੇ ਰਹਿ ਗਿਆ ਹੈ; ਤੇ ਤ੍ਰਾਸਦੀ ਇਹ ਹੈ ਕਿ ਦ੍ਰਾਵਿੜਵਾਦੀ ਕੇਡਰ ਬਹੁਤ ਸ਼ਰਧਾਵਾਨ ਹੁੰਦਾ ਹੈ ਅਤੇ ਮੰਦਰ ਜਾਂਦਾ ਹੈ। ਸਨਾਤਨ ਧਰਮ ਉਨ੍ਹਾਂ ਲਈ ਬ੍ਰਾਹਮਣਾਂ ਖਿਲਾਫ਼ ਨਸਲੀ ਅਪਸ਼ਬਦ ਹੈ ਜਿਸ ਕਰ ਕੇ ਡੀਐੱਮਕੇ ਦੇ ਵੋਟਰ ਬ੍ਰਾਹਮਣਵਾਦ ਪ੍ਰਤੀ ਤਿਰਸਕਾਰ ਅਤੇ ਹਿੰਦੂਵਾਦ ਜਾਂ ਮੰਦਰਾਂ ਵਿਚ ਉਨ੍ਹਾਂ ਦੀ ਸ਼ਰਧਾ ਵਿਚਕਾਰ ਕੋਈ ਵਿਰੋਧਾਭਾਸ ਨਹੀਂ ਦੇਖ ਸਕਦੇ।
ਇਸ ਕਰ ਕੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਸਨਾਤਨ ਧਰਮ ਦੇ ਖ਼ਾਤਮੇ ਦੀ ਤਕਰੀਰ ਕਰ ਸਕਦੇ ਹਨ ਕਿਉਂਕਿ ਇਸ ਦੀ ਤੁਲਨਾ ਹੁਣ ਹਿੰਦੂਤਵ ਰਾਜਨੀਤੀ ਅਤੇ ਸੰਘ ਪਰਿਵਾਰ ਨਾਲ ਕੀਤੀ ਜਾਂਦੀ ਹੈ। ਇੰਝ, ਬ੍ਰਾਹਮਣਵਾਦ ਅਤੇ ਭਾਜਪਾ ਵਿਚਕਾਰ ਮਹੱਤਵਪੂਰਨ ਤੁਲਨਾ ਕਰਦੇ ਹੋਏ ਹਿੰਦੂਤਵੀ ਪਾਰਟੀ ਨੂੰ ਅਜਿਹਾ ਸੰਗਠਨ ਗਰਦਾਨਿਆ ਜਾਂਦਾ ਹੈ ਜੋ ਸਮਾਜ ਅੰਦਰ ਬ੍ਰਾਹਮਣਵਾਦੀ ਦਰਜਾਬੰਦੀ ਨੂੰ ਸ਼ਹਿ ਦਿੰਦਾ ਹੈ। ਜੇ ਪੇਰੀਆਰ ਕਾਂਗਰਸ ਨੂੰ ਦੁਤਕਾਰਨ ਲਈ ਸਨਾਤਨ ਧਰਮ ਨੂੰ ਨਿਸ਼ਾਨਾ ਬਣਾਉਂਦੇ ਸਨ ਤਾਂ ਹੁਣ ਇਹ ਸਟਾਲਿਨ ਵਲੋਂ ਇਸ ਪੈਂਤੜੇ ਦੀ ਵਰਤੋਂ ਕਰ ਕੇ ਭਾਜਪਾ ਨੂੰ ਅਜਿਹੇ ਬ੍ਰਾਹਮਣਵਾਦੀ ਸੰਗਠਨ ਵਜੋਂ ਪੇਸ਼ ਕੀਤਾ ਗਿਆ ਹੈ ਜੋ ਤਾਮਿਲ ਨਾਡੂ ਵਿਚ ਪੱਛੜੀਆਂ ਜਾਤੀਆਂ ਨੂੰ ਦਬਾਉਣ ਲਈ ਕਾਰਜਸ਼ੀਲ ਹੈ।
ਇਹ ਜਾਤੀ ਨਫ਼ਰਤ ਦੀ ਰਾਜਨੀਤੀ ਹੈ ਜਿਸ ਵਿਚ ਅਜਿਹੇ ਚੁਣਾਵੀ ਸੰਦੇਸ਼ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਕੋਈ ਵੀ ਵਕਤਾ ਅਤੇ ਸ੍ਰੋਤਾ ਸਮਝ ਸਕਦਾ ਹੈ। ਇਸ ਦਾ ਮਤਲਬ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਅਜੇ ਪਿਛਲੇ ਮਹੀਨੇ ਹੀ ਉਦੈਨਿਧੀ ਦੀ ਮਾਂ ਦੁਰਗਾ ਸਟਾਲਿਨ ਨੇ ਕੇਰਲ ਵਿਚ ਗੁਰੂਵਾਯੂਰ ਕ੍ਰਿਸ਼ਨਾ ਮੰਦਰ ਵਿਚ ਸੋਨੇ ਦਾ ਮੁਕਟ ਚੜ੍ਹਾਇਆ ਸੀ ਜਿੱਥੇ ਰੋਜ਼ ਵੈਦਿਕ ਮੰਤਰ ਉਚਾਰਨ ਦੌਰਾਨ ਪ੍ਰਾਰਥਨਾ ਕੀਤੀ ਜਾਂਦੀ ਹੈ। ਕਿਸੇ ਜੋਤਸ਼ੀ ਦੇ ਕਹਿਣ ’ਤੇ ਕੋਈ ਸ਼ਰਧਾਲੂ ਆਪਣੇ ਦੋਸ਼ ਦੇ ਨਿਵਾਰਨ ਲਈ ਗੁਰੂਵਾਯੂਰ ਮੰਦਰ ਵਿਚ ਪੂਜਾ ਕਰਨ ਜਾਂਦੇ ਹਨ। ਜੇ ਦੁਰਗਾ ਨੇ ਆਪਣੇ ਪਤੀ ਅਤੇ ਪੁੱਤਰ ਲਈ ਭਗਵਾਨ ਕ੍ਰਿਸ਼ਨ ਦਾ ਅਸ਼ੀਰਵਾਦ ਨਾ ਲੈਣਾ ਹੁੰਦਾ ਤਾਂ ਉਸ ਨੇ ਇਹ ਮਹਿੰਗਾ ਤੋਹਫ਼ਾ ਨਹੀਂ ਚੜ੍ਹਾਉਣਾ ਸੀ।
ਸਨਾਤਨ ਧਰਮ ਦੀ ਵਿਆਖਿਆ ਜਾਤੀਵਾਦ ਅਤੇ ਛੂਆਛਾਤ ਦੇ ਲਿਹਾਜ਼ ਤੋਂ ਕਰਨੀ ਸਭ ਤੋਂ ਵੱਡਾ ਦੰਭ ਹੈ। ਤਾਮਿਲ ਨਾਡੂ ਦੇ ਗਿਰਜਾਘਰਾਂ ਅਤੇ ਇੱਥੋਂ ਤੱਕ ਪਿੰਡ ਦੀਆਂ ਚਾਹ ਦੀਆਂ ਦੁਕਾਨਾਂ (ਜਿੱਥੇ ਲੰਮੇ ਸਮੇਂ ਤੋਂ ਅਗੜੀਆਂ/ਪੱਛੜੀਆਂ ਜਾਤਾਂ ਅਤੇ ਦਲਿਤਾਂ ਲਈ ਦੋ ਤਰ੍ਹਾਂ ਦੇ ਕੱਪ ਰੱਖਣ ਦੀ ਪ੍ਰਥਾ ਚਲੀ ਆ ਰਹੀ ਹੈ) ’ਤੇ ਵੀ ਅਤਿ ਦਾ ਜਾਤੀ ਭੇਦਭਾਵ ਕੀਤਾ ਜਾਂਦਾ ਹੈ। ਪੇਰੀਆਰ ’ਤੇ ਵੀ ਇਹ ਦੋਸ਼ ਲਾਇਆ ਜਾਂਦਾ ਹੈ ਕਿ ਆਖ਼ਰ ਉਸ ਨੇ 1968 ਵਿਚ ਕੀੜਵੇਨਮਾਨੀ ਵਿਚ 44 ਦਲਿਤਾਂ ਦੇ ਕਤਲੇਆਮ ਵਾਲੀ ਜਗ੍ਹਾ ਦਾ ਦੌਰਾ ਕਿਉਂ ਨਹੀਂ ਕੀਤਾ ਸੀ।
ਕੀੜਵਨਮਨੀ ਦਾ ਜਾਗੀਰਦਾਰ ਅਤੇ ਕੇਸ ਦੇ ਮੁੱਖ ਮੁਲਜ਼ਮ ਗੋਪਾਲਕ੍ਰਿਸ਼ਨ ਨਾਇਡੂ ਪੇਰੀਆਰ ਦੀ ਜਾਤੀ ਨਾਲ ਸਬੰਧ ਰੱਖਦਾ ਸੀ। ਡੀਐੱਮਕੇ ਸਰਕਾਰ ਨੂੰ ਅੱਜ ਤੱਕ ਪੁਲੀਸ ਨੂੰ ਮੂਕ ਦਰਸ਼ਕ ਬਣੇ ਰਹਿਣ ਅਤੇ ਗੋਪਾਲਕ੍ਰਿਸ਼ਨ ਦੀ ਰਿਹਾਈ ਕਰਾਉਣ ਲਈ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਡੀਐੱਮਕੇ ਦੀ ਜਾਤ ਵਿਰੋਧੀ ਪ੍ਰਵਚਨ ਵਿਚੋਂ ਦਲਿਤ ਵਿਰੋਧੀ ਅੱਤਿਆਚਾਰਾਂ ਦੀ ਸਮਝ ਉਵੇਂ ਹੀ ਗਾਇਬ ਹੈ ਜਿਵੇਂ ਸੂਬੇ ਵਿਚ ਸੱਤਾ ’ਤੇ ਬੈਠੇ ਪਰਿਵਾਰ ਵਲੋਂ ਭਗਵਾਨ ਕ੍ਰਿਸ਼ਨ ਦੇ ਮੰਦਰ ਵਿਚ ਸੋਨੇ ਦਾ ਮੁਕਟ ਭੇਟ ਕਰਨ ਨਾਲ ਦ੍ਰਾਵਿੜ ਤਰਕਵਾਦ ਦਾ ਪ੍ਰਵਚਨ ਖੋਖਲਾ ਨਜ਼ਰ ਆਉਂਦਾ ਹੈ। ਕੌਮੀ ਪੱਧਰ ’ਤੇ ਸਟਾਲਿਨ ਪਿਓ-ਪੁੱਤਰ ਵਲੋਂ ਸਨਾਤਨ ਧਰਮ ’ਤੇ ਕੀਤੇ ਗਏ ਹਮਲੇ ਨਾਲ ‘ਇੰਡੀਆ’ ਗੱਠਜੋੜ ਦੀ ਹਾਲਤ ਕਸੂਤੀ ਬਣੀ ਹੋਈ ਹੈ ਪਰ ਭਾਰਤੀ ਰਾਜਨੀਤੀ ਦੀ ਤ੍ਰਾਸਦੀ ਇਸੇ ਗੱਲ ਵਿਚ ਛੁਪੀ ਹੋਈ ਹੈ- ਕਿਸੇ ਇਕ ਸੂਬੇ ਵਿਚ ਜਾਤੀ ਲਾਮਬੰਦੀ ਦਾ ਕੋਈ ਗੁੱਝਾ ਇਸ਼ਾਰਾ ਕਿਸੇ ਹੋਰ ਸੂਬੇ ਵਿਚ ਫਿਰਕੂ ਆਧਾਰ ’ਤੇ ਆਪਣੇ ਖਿ਼ਲਾਫ਼ ਗੋਲ ਵਿਚ ਬਦਲ ਜਾਂਦਾ ਹੈ। ਜਦੋਂ ਸਭ ਕੁਝ ਕਿਹਾ ਸੁਣਿਆ ਜਾ ਚੁੱਕੇਗਾ ਤਾਂ ਇਨ੍ਹਾਂ ਮਹਾਨ ਪ੍ਰਗਤੀਸ਼ੀਲ ਆਗੂਆਂ ਨੂੰ ਬੇਨਤੀ ਹੋਵੇਗੀ ਕਿ ਕਿਰਪਾ ਕਰ ਕੇ ਐੱਚਆਈਵੀ ਅਤੇ ਕੋਹੜ ਜਿਹੀਆਂ ਬਿਮਾਰੀਆਂ ਨੂੰ ਨਫ਼ਰਤ ਦੇ ਮੁਹਾਵਰਿਆਂ ਵਿਚ ਤਬਦੀਲ ਨਾ ਕੀਤਾ ਜਾਵੇ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।