ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟਾਂ ਲਈ ਨਕਦੀ: ਭਾਜਪਾ ਆਗੂ ਤਾਵੜੇ ਤੇ ਪਾਰਟੀ ਉਮੀਦਵਾਰ ਖ਼ਿਲਾਫ਼ ਕੇਸ ਦਰਜ

06:28 AM Nov 20, 2024 IST
ਮੁੰਬਈ ਵਿੱਚ ਮੀਡੀਆ ਨੂੰ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਦੇ ਹੋਏ ਭਾਜਪਾ ਆਗੂ ਵਿਨੋਦ ਤਾਵੜੇ। ਉਨ੍ਹਾਂ ਨਾਲ ਸਫੈਦ ਕਮੀਜ਼ ਵਿੱਚ ਬੀਵੀਏ ਦੇ ਉਮੀਦਵਾਰ ਕਸ਼ਿਤਿਜ ਠਾਕੁਰ ਵੀ ਨਜ਼ਰ ਆ ਰਹੇ ਹਨ। -ਫੋਟੋ: ਪੀਟੀਆਈ

ਮੁੰਬਈ, 19 ਨਵੰਬਰ
ਪੁਲੀਸ ਵੱਲੋਂ ਪਾਲਘਰ ਦੇ ਇਕ ਹੋਟਲ ਵਿੱਚ ਵੋਟਰਾਂ ਨੂੰ ਕਥਿਤ ਤੌਰ ’ਤੇ ਨਕਦੀ ਵੰਡਣ ਦੇ ਦੋਸ਼ ਹੇਠ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਪਾਰਟੀ ਉਮੀਦਵਾਰ ਰਾਜਨ ਨਾਇਕ ਖ਼ਿਲਾਫ਼ ਇਕ ਕੇਸ ਦਰਜ ਕਰ ਲਿਆ ਗਿਆ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਬਹੁਜਨ ਵਿਕਾਸ ਅਘਾੜੀ (ਬੀਵੀਏ) ਦੇ ਆਗੂ ਹਿਤੇਂਦਰ ਠਾਕੁਰ ਨੇ ਤਾਵੜੇ ’ਤੇ ਵੋਟਰਾਂ ਨੂੰ ਲੁਭਾਉਣ ਲਈ ਮੁੰਬਈ ਤੋਂ 60 ਕਿਲੋਮੀਟਰ ਦੂਰ ਵਿਰਾਰ ਦੇ ਇਕ ਹੋਟਲ ਵਿੱਚ ਪੰਜ ਕਰੋੜ ਕਰੋੜ ਰੁਪਏ ਵੰਡਣ ਦਾ ਦੋਸ਼ ਲਗਾਇਆ। ਹਾਲਾਂਕਿ, ਭਾਜਪਾ ਆਗੂ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਤਾਂ ਸਿਰਫ਼ ਪਾਰਟੀ ਵਰਕਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਇਸ ਸਬੰਧੀ ਵਾਇਰਲ ਹੋਈ ਇਕ ਵੀਡੀਓ ਵਿੱਚ ਬੀਵੀਏ ਪਾਰਟੀ ਦੇ ਸਮਰਥਕ ਵਿਰਾਰ ਦੇ ਇਕ ਹੋਟਲ ਦੇ ਕਮਰੇ ਵਿੱਚ ਦਾਖ਼ਲ ਹੁੰਦੇ ਹੋਏ ਅਤੇ ਕਰੰਸੀ ਨੋਟ ਤਾਵੜੇ ਦੇ ਮੂੰਹ ’ਤੇ ਮਾਰਦੇ ਹੋਏ ਨਜ਼ਰ ਆ ਰਹੇ ਹਨ। ਉਪਰੰਤ ਪੁਲੀਸ ਨੇ ਤਾਵੜੇ ਨੂੰ ਬਾਹਰ ਕੱਢਿਆ।
ਚੋਣ ਕਮਿਸ਼ਨ ਵੱਲੋਂ ਦਰਜ ਕਰਵਾਈ ਗਈ ਇਕ ਸ਼ਿਕਾਇਤ ਦੇ ਆਧਾਰ ’ਤੇ ਮੀਰਾ ਭਾਯਾਂਦਰ-ਵਸਾਈ ਵਿਰਾਰ (ਐੱਮਬੀਵੀਵੀ) ਪੁਲੀਸ ਨੇ ਤਾਵੜੇ ਅਤੇ ਰਾਜਨ ਨਾਇਕ ਖ਼ਿਲਾਫ਼ ਇਕ ਐੱਫਆਈਆਰ ਦਰਜ ਕਰ ਲਈ ਹੈ। ਰਾਜਨ ਨਾਇਕ ਨਾਲਾਸੁਪਾਰਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਹੈ। ਹੋਟਲ ਵਿੱਚ ਹੋਏ ਤਿੰਨ ਘੰਟੇ ਦੇ ਹੰਗਾਮੇ ਤੋਂ ਬਾਅਦ ਹਿਤੇਂਦਰ ਠਾਕੁਰ, ਉਸ ਦੇ ਪੁੱਤਰ ਤੇ ਬੀਵੀਏ ਦੇ ਉਮੀਦਵਾਰ ਕਸ਼ਿਤਿਜ, ਤਾਵੜੇ ਅਤੇ ਭਾਜਪਾ ਉਮੀਦਵਾਰ ਨਾਇਕ ਨੇ ਹੋਟਲ ਵਿੱਚ ਹੀ ਪ੍ਰੈੱਸ ਕਾਨਫਰੰਸ ਕਰਨ ਦਾ ਫੈਸਲਾ ਲਿਆ। ਹਾਲਾਂਕਿ, ਜਿਵੇਂ ਹੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ ਤਾਂ ਚੋਣ ਅਧਿਕਾਰੀਆਂ ਨੇ ਇਸ ਨੂੰ ਰੁਕਵਾ ਦਿੱਤਾ। -ਪੀਟੀਆਈ

Advertisement

ਕਾਂਗਰਸ ਨੇ ਮੋਦੀ ਅਤੇ ਭਾਜਪਾ ’ਤੇ ਸੇਧਿਆ ਨਿਸ਼ਾਨਾ

ਨਵੀਂ ਦਿੱਲੀ:

ਸੀਨੀਅਰ ਕਾਂਗਰਸੀ ਆਗੂਆਂ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਭਾਜਪਾ ਆਗੂ ਵਿਨੋਦ ਤਾਵੜੇ ਨਾਲ ਜੁੜੇ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਭਾਜਪਾ ’ਤੇ ਮਹਾਰਾਸ਼ਟਰ ਚੋਣਾਂ ਵਿੱਚ ਪੈਸੇ ਦੀ ਤਾਕਤ ਦਾ ਇਸਤੇਮਾਲ ਕਰਨ ਦੇ ਦੋਸ਼ ਲਗਾਏ। ਕਾਂਗਰਸ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਕਿ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਖੜਗੇ ਨੇ ‘ਐਕਸ’ ਉੱਤੇ ਕਿਹਾ, ‘‘ਮੋਦੀ ਜੀ ਪੈਸੇ ਤੇ ਗੁੰਡਾਗਰਦੀ ਦੇ ਜ਼ੋਰ ’ਤੇ ਮਹਾਰਾਸ਼ਟਰ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ।’’ ਉੱਧਰ, ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਮੋਦੀ ਜੀ, ਇਹ ਪੰਜ ਕਰੋੜ ਰੁਪਏ ਕਿਸ ਦੀ ਤਿਜੋਰੀ ਵਿੱਚੋਂ ਆਏ ਹਨ। ਲੋਕਾਂ ਦਾ ਇਹ ਪੈਸਾ ਕਿਸ ਨੇ ਲੁੱਟ ਕੇ ਟੈਂਪੂ ਵਿੱਚ ਤੁਹਾਡੇ ਕੋਲ ਭੇਜਿਆ?’’ -ਪੀਟੀਆਈ

Advertisement

ਹੋਟਲ ਦੇ ਕਮਰੇ ’ਚੋਂ 9.93 ਲੱਖ ਨਕਦੀ ਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ: ਡੀਸੀ

ਜ਼ਿਲ੍ਹਾ ਕੁਲੈਕਟਰ ਅਤੇ ਚੋਣ ਅਧਿਕਾਰੀ ਗੋਵਿੰਦ ਬੋਡਕੇ ਨੇ ਦੱਸਿਆ ਕਿ ਚੋਣ ਵਿਭਾਗ ਨੂੰ ਬੀਵੀਏ ਦੇ ਕਾਰਕੁਨਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਭਾਜਪਾ ਵਰਕਰ ਵਿਰਾਰ ਦੇ ਇਕ ਹੋਟਲ ਵਿੱਚ ਨਕਦੀ ਵੰਡ ਰਹੇ ਹਨ। ਇਸ ’ਤੇ ਕਾਰਵਾਈ ਕਾਰਵਾਈ ਕਰਦੇ ਹੋਏ ਨਾਲਾਸੁਪਾਰਾ ਦੇ ਰਿਟਰਨਿੰਗ ਅਫ਼ਸਰ ਅਤੇ ਜੁਆਇੰਟ ਪੁਲੀਸ ਕਮਿਸ਼ਨਰ ਤੇ ਦੋ ਡੀਸੀਪੀਜ਼ ਦੀ ਇਕ ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਹੋਟਲ ਦੀ ਤਲਾਸ਼ੀ ਲਈ ਤਾਂ ਉੱਥੋਂ 9.93 ਲੱਖ ਰੁਪਏ ਅਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ। ਕੁਲੈਕਟਰ ਨੇ ਇਕ ਰਿਕਾਰਡ ਕੀਤੇ ਸੁਨੇਹੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰੀ ਮਾਤਰਾ ਵਿੱਚ ਨਕਦੀ ਰੱਖਣ, ਚੋਣ ਜ਼ਾਬਤੇ ਦੀ ਉਲੰਘਣਾ ਅਤੇ ਗੈਰ-ਕਾਨੂੰਨੀ ਤੌਰ ’ਤੇ ਪ੍ਰੈੱਸ ਕਾਨਫਰੰਸਾਂ ਕਰਨ ਵਰਗੇ ਅਪਰਾਧਾਂ ਲਈ ਕੇਸ ਦਰਜ ਕਰ ਲਏ ਗਏ ਹਨ। -ਪੀਟੀਆਈ

Advertisement