ਠੇਕਿਆਂ ਤੋਂ ਨਕਦੀ ਅਤੇ ਸ਼ਰਾਬ ਲੁੱਟੀ
ਲੁਧਿਆਣਾ: ਇੱਥੇ ਅਣਪਛਾਤੇ ਵਿਅਕਤੀ ਦੋ ਸ਼ਰਾਬ ਠੇਕਿਆਂ ਤੋਂ ਨਕਦੀ ਅਤੇ ਸ਼ਰਾਬ ਲੁੱਟਕੇ ਲੈ ਗਏ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਜੰਗ ਸਿੰਘ ਨੇ ਦੱਸਿਆ ਕਿ ਉਹ ਸ਼ਿਵਾ ਟਰੇਡਰ ਕੰਪਨੀ ਦੇ ਸ਼ਰਾਬ ਦੇ ਠੇਕਿਆਂ ਦਾ ਇੰਚਾਰਜ ਹੈ। ਉਹ ਨੱਤ ਪਿੰਡ ਤੋਂ ਕੁਲੈਕਸ਼ਨ ਕਰ ਕੇ ਆ ਰਿਹਾ ਸੀ ਕਿ ਰਸਤੇ ਵਿੱਚ ਉਸਨੂੰ ਜਸਪਾਲ ਬਾਂਗਰ ਰੋਡ ਠੇਕੇ ਤੋਂ ਕਰਿੰਦੇ ਅਜੈ ਕੁਮਾਰ ਦਾ ਫੋਨ ਆਇਆ ਕਿ ਠੇਕੇ ’ਤੇ ਚਾਰ ਅਣਪਛਾਤੇ ਵਿਅਕਤੀ ਦੋ ਮੋਟਰਸਾਈਕਲਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਆਏ ਅਤੇ ਉਸਨੂੰ ਡਰਾ-ਧਮਕਾ ਤੇ ਪੈਸਿਆਂ ਵਾਲਾ ਗੱਲਾ ਚੁੱਕ ਕੇ ਭੱਜ ਗਏ ਜਿਸ ਵਿੱਚ 40-45 ਹਜ਼ਾਰ ਰੁਪਏ ਸਨ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਰਿੰਕੀ ਅਹੂਜਾ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਰੋਡ ਨੇੜੇ ਲਕਸ਼ਮੀ ਪੈਟਰੋਲ ਪੰਪ ’ਤੇ ਮੈਨੇਜਰ ਲੱਗਾ ਹੋਇਆ ਹੈ। ਚਾਰ ਵਿਅਕਤੀ ਹਥਿਆਰਾਂ ਨਾਲ ਠੇਕੇ ’ਤੇ ਆਏ ਅਤੇ 50 ਹਜ਼ਾਰ ਰੁਪਏ ਅਤੇ 2 ਬੋਤਲਾਂ ਸ਼ਰਾਬ ਖੋਹਕੇ ਲੈ ਗਏ। ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ