ਢਾਬੇ ਦੇ ਬਾਹਰ ਖੜ੍ਹੀ ਗੱਡੀ ’ਚੋਂ ਨਕਦੀ ਤੇ ਗਹਿਣੇ ਚੋਰੀ
ਪੱਤਰ ਪ੍ਰੇਰਕ
ਫਗਵਾੜਾ, 22 ਸਤੰਬਰ
ਇੱਥੋਂ ਦੇ ਜੀਟੀ ਰੋਡ ’ਤੇ ਸਥਿਤ ਇੱਕ ਪ੍ਰਮੁੱਖ ਢਾਬੇ ਦੇ ਬਾਹਰ ਖੜ੍ਹੀ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ ਲੱਖਾਂ ਰੁਪਏ ਦੀ ਨਕਦੀ ਤੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੀੜਤ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੋਲਗੜ੍ਹ, ਨਵਾਂ ਸ਼ਹਿਰ ਨੇ ਦੱਸਿਆ ਕਿ ਉਹ ਜਲੰਧਰ ਤੋਂ ਦਵਾਈ ਲੈ ਕੇ ਵਾਪਸ ਜਾ ਰਹੇ ਸਨ ਕਿ ਉਹ ਰਸਤੇ ’ਚ ਰੋਟੀ ਖਾਣ ਲਈ ਫਗਵਾੜਾ ਦੇ ਨਜ਼ਦੀਕ ਬਣੇ ਇੱਕ ਢਾਬੇ ’ਤੇ ਰੁਕੇ। ਉਹ ਆਪਣੀ ਕਾਰ ਬਾਹਰ ਖੜ੍ਹੀ ਕਰ ਕੇ ਅੰਦਰ ਚਲੇ ਗਏ ਤਾਂ ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਪਈ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਉਹ ਪਰਵਾਸੀ ਭਾਰਤੀ ਹੈ ਤੇ ਇਟਲੀ ਤੋਂ ਆਪਣਾ ਇਲਾਜ ਕਰਾਉਣ ਲਈ ਆਏ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਹਸਪਤਾਲ ਤੋਂ ਆਪਣੀਆਂ ਰਿਪੋਰਟਾਂ ਲੈ ਕੇ ਵਾਪਸ ਜਾ ਰਹੇ ਸਨ ਤਾਂ ਇਸ ਦੌਰਾਨ ਉਹ ਰਸਤੇ ’ਚ ਢਾਬੇ ’ਤੇ ਰੋਟੀ ਖਾਣ ਲਈ ਰੁੱਕੇ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਰੀ ਵਾਰਦਾਤ ਨਾਲ ਉਨ੍ਹਾਂ ਦਾ ਕਰੀਬ ਢਾਈ ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ’ਚ ਇੱਕ ਨੌਜਵਾਨ ਕਾਰ ਦੇ ਆਸ-ਪਾਸ ਘੁੰਮਦਾ ਨਜ਼ਰ ਆ ਰਿਹਾ ਹੈ।