ਤਿੰਨ ਦੁਕਾਨਾਂ ’ਚੋਂ ਨਕਦੀ ਤੇ ਸਾਮਾਨ ਚੋਰੀ
ਪੱਤਰ ਪ੍ਰੇਰਕ
ਸ਼ਾਹਕੋਟ, 27 ਅਕਤੂਬਰ
ਕਸਬੇ ਦੇ ਮਾਡਲ ਥਾਣੇ ਤੋਂ ਮਹਿਜ਼ 200 ਗਜ਼ ਦੀ ਦੂਰੀ ’ਤੇ ਮੇਨ ਬਾਜ਼ਾਰ ਵਿੱਚ ਸਥਿਤ ਤਿੰਨ ਦੁਕਾਨਾਂ ਵਿੱਚ ਚੋਰੀ ਹੋ ਗਈ ਹੈ। ਇਨ੍ਹਾਂ ਦੁਕਾਨਾਂ ’ਚੋਂ ਸਟੈਂਡਰਡ ਕਲਾਥ ਹਾਊਸ ਦੇ ਮਾਲਕ ਸੁਹੇਲ ਕੁਰੈਸੀ, ਸੋਬਤੀ ਗਾਰਮੈਂਟਸ ਦੇ ਮਾਲਕ ਸੁਲਕਸ਼ਨ ਸੋਬਤੀ ਅਤੇ ਜਿਗਜੈਮ ਕਲਾਥ ਹਾਊਸ ਦੇ ਮਾਲਕਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਆਪੋ-ਆਪਣੀਆਂ ਦੁਕਾਨਾਂ ਬੰਦ ਕਰ ਕੇ ਗਏ ਸਨ।
ਅੱਜ ਜਦੋਂ ਸਵੇਰੇ ਉਹ ਦੁਕਾਨਾਂ ਖੋਲ੍ਹਣ ਆਏ ਤਾਂ ਦੁਕਾਨਾਂ ਨੂੰ ਜਿੰਦੇ ਨਾ ਦੇਖ ਕੇ ਹੱਕੇ-ਬੱਕੇ ਰਹਿ ਗਏ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚੋਂ ਸਟੈਂਡਰਡ ਕਲਾਥ ਹਾਊਸ ਦੀ ਦੁਕਾਨ ਦੇ ਗੱਲੇ ਵਿੱਚ ਪਏ ਇੱਕ ਲੱਖ ਰੁਪਏ ਤੇ ਵੀਸੀਆਰ, ਸੋਬਤੀ ਗਾਰਮੈਂਟਸ ਦੀ ਦੁਕਾਨ ਦੇ ਗੱਲੇ ਵਿੱਚ ਪਏ 20 ਹਜ਼ਾਰ ਰੁਪਏ, ਸੀਸੀਟੀਵੀ ਕੈਮਰਾ ਤੇ ਵੀਸੀਆਰ ਅਤੇ ਜਿਗਜੈਗ ਕਲਾਥ ਹਾਊਸ ਦੇ ਗੱਲੇ ਵਿੱਚ ਪਏ ਕਰੀਬ 14 ਹਜ਼ਾਰ ਰੁਪਏ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਕੇ ਪੀੜਤਾਂ ਨੂੰ ਜਲਦ ਇਨਸਾਫ਼ ਦੇਣਗੇ।
ਡਾਕਟਰ ਦੇ ਘਰੋਂ ਗਹਿਣੇ ਅਤੇ ਨਕਦੀ ਚੋਰੀ
ਤਰਨ ਤਾਰਨ (ਪੱਤਰ ਪ੍ਰੇਰਕ): ਸ਼ਹਿਰ ਦੇ ਮਸ਼ਹੂਰ ਡਾ. ਮਨਮੋਹਨ ਸਿੰਘ ਦੇ ਘਰ ’ਚੋਂ ਚੋਰਾਂ ਨੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ| ਕਰੀਬ ਤਿੰਨ ਹਫ਼ਤੇ ਪਹਿਲਾਂ ਹੋਈ ਇਸ ਚੋਰੀ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ| ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਉਹ 6 ਸਤੰਬਰ ਨੂੰ ਆਪਣੇ ਲੜਕੇ ਕੋਲ ਅਮਰੀਕਾ ਗਏ ਸਨ ਅਤੇ ਉਨ੍ਹਾਂ ਨਕਦੀ ਅਤੇ ਸੋਨੇ ਦੇ ਗਹਿਣੇ ਘਰ ਅੰਦਰ ਲਾਕਰਾਂ ਵਿੱਚ ਸਂਭਾਲ ਕੇ ਰੱਖੇ ਸਨ| ਉਨ੍ਹਾਂ ਘਰ ਦੀ ਰਾਖੀ ਲਈ ਆਪਣੇ ਕੰਪਾਊਂਡਰ ਜਸਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਸੀ ਜਿਸ ਨੇ 5 ਅਕਤੂਬਰ ਨੂੰ ਫੋਨ ’ਤੇ ਦੱਸਿਆ ਕਿ ਚੋਰਾਂ ਨੇ 4-5 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਲਾਕਰਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਹਨ| ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸਮੇਂ ਸਿਰ ਸੂਚਨਾ ਦੇ ਦਿੱਤੀ ਗਈ ਸੀ ਪਰ ਕਥਿਤ ਤੌਰ ’ਤੇ ਕੇਸ ਦੇਰੀ ਨਾਲ ਦਰਜ ਕੀਤਾ ਗਿਆ| ਜਾਂਚ ਅਧਿਕਾਰੀ ਏਐੱਸਆਈ ਸੁੱਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ| ਪੁਲੀਸ ਨੇ ਧਾਰਾ 457 ਤੇ 380 ਅਧੀਨ ਕੇਸ ਦਰਜ ਕੀਤਾ ਹੈ|