ਸਕੂਲ ਵਿਦਿਆਰਥੀਆਂ ’ਚ ‘ਆਈ ਫਲੂ’ ਦੇ ਕੇਸ ਵਧੇ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਅਗਸਤ
ਯੂਟੀ ਦੇ ਸਕੂਲਾਂ ਵਿੱਚ ‘ਆਈ ਫਲੂ’ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸ ਤੋਂ ਬਾਅਦ ਅੱਜ ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਵਿਚ ਅੱਖਾਂ ਲਾਲ ਹੋਣ ਤੇ ਸੋਜ਼ਿਸ਼ ਆਉਣ ਦੀ ਸੂਰਤ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਕੂਲਾਂ ਨੇ ਮਾਪਿਆਂ ਨੂੰ ਕਿਹਾ ਹੈ ਕਿ ਉਹ ਆਈ ਫਲੂ ਦੇ ਲੱਛਣ ਸਾਹਮਣੇ ਆਉਣ ’ਤੇ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ।
ਕਈ ਸਕੂਲਾਂ ਨੇ ਇਹ ਵੀ ਕਿਹਾ ਹੈ ਕਿ ਆਈ ਫਲੂ ਪੀੜਤ ਵਿਦਿਆਰਥੀਆਂ ਨੂੰ ਸਮੈਸਟਰ ਪ੍ਰੀਖਿਆਵਾਂ ਲਈ ਰਿਆਇਤਾਂ ਦਿੱਤੀਆਂ ਜਾਣਗੀਆਂ ਜਦਕਿ ਕਈ ਸਕੂਲਾਂ ਨੇ ਅੱਜ ਸਰਕੁਲਰ ਜਾਰੀ ਕਰਕੇ ਕਿਹਾ ਹੈ ਕਿ ਪੀੜਤ ਬੱਚੇ ਆਨਲਾਈਨ ਪ੍ਰੀਖਿਆ ਦੇ ਸਕਦੇ ਹਨ। ਕਈ ਸਕੂਲਾਂ ਨੇ ਆਈ ਫਲੂ ਨਾਲ ਪੀੜਤ ਵਿਦਿਆਰਥੀਆਂ ਦੇ ਵੱਖਰੇ ਕਮਰਿਆਂ ਵਿਚ ਪ੍ਰੀਖਿਆ ਕਰਵਾਉਣ ਦੇ ਪ੍ਰਬੰਧ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਸਰਕਾਰੀ ਤੋਂ ਇਲਾਵਾ ਨਿੱਜੀ ਸਕੂਲ ਦੇ ਬੱਚੇ ਵੀ ਇਸ ਬਿਮਾਰੀ ਦੀ ਮਾਰ ਹੇਠ ਆ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਹਰ ਸਕੂਲ ਦੇ ਹਰ ਸੈਕਸ਼ਨ ਵਿਚ ਦਰਜਨ ਦੇ ਕਰੀਬ ਬੱਚੇ ਇਸ ਬਿਮਾਰੀ ਤੋਂ ਪੀੜਤ ਪਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਮਾਪਿਆਂ ਵਿਚ ਸਹਿਮ ਦਾ ਮਾਹੌਲ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਚੰਡੀਗੜ੍ਹ ਚੈਪਟਰ ਦੇ ਸਾਬਕਾ ਪ੍ਰਧਾਨ ਡਾ. ਸੰਦੀਪ ਧਵਨ ਨੇ ਦੱਸਿਆ ਕਿ ਆਈ ਫਲੂ ਤੋਂ ਪੀੜਤ ਬੱਚੇ ਅੱਖਾਂ ਵਿਚ ਹੱਥ ਲਾਉਣ ਤੋਂ ਗੁਰੇਜ਼ ਕਰਨ ਤੇ ਉਨ੍ਹਾਂ ਲਈ ਵੱਖਰੇ ਤੌਲੀਏ ਦਾ ਪ੍ਰਬੰਧ ਕੀਤਾ ਜਾਵੇ ਜਾਂ ਡਿਸਪੋਜ਼ਲ ਟਿਸ਼ੂ ਵਰਤੇ ਜਾਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਰੋਜ਼ਾਨਾ ਦੋ ਸੌ ਤੋਂ ਵਧ ਬੱਚਿਆਂ ਦੇ ਕੇਸ ਹਸਪਤਾਲ ਵਿਚ ਰਿਪੋਰਟ ਹੋ ਰਹੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲਾਂ ਵਿਚ ਆਈ ਫਲੂ ਦੇ ਕੇਸਾਂ ’ਤੇ ਨਜ਼ਰ ਰੱਖ ਰਹੇ ਹਨ ਪਰ ਫਿਲਹਾਲ ਡਰਨ ਦੀ ਕੋਈ ਲੋੜ ਨਹੀਂ ਹੈ।