ਪੰਜਾਬ ਵੱਲੋਂ ‘ਖੇਤੀ ਪੈਕੇਜ’ ਲਈ ਕੇਸ ਕੇਂਦਰ ਅੱਗੇ ਪੇਸ਼
ਚਰਨਜੀਤ ਭੁੱਲਰ/ਮਨਧੀਰ ਸਿੰਘ ਦਿਓਲ
ਚੰਡੀਗੜ੍ਹ/ਨਵੀਂ ਦਿੱਲੀ, 18 ਜੁਲਾਈ
ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸੂਬੇ ਵਾਸਤੇ ‘ਖੇਤੀ ਪੈਕੇਜ’ ਲੈਣ ਲਈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਅੱਗੇ ਕੇਸ ਰੱਖਿਆ। ਖੁੱਡੀਆਂ ਨੇ ਦਿੱਲੀ ਵਿਚ ਮਿਲਣੀ ਮੌਕੇ ‘ਖੇਤੀ ਪੈਕੇਜ’ ਲਈ ਲਿਖਤੀ ਮੈਮੋਰੰਡਮ ਵੀ ਦਿੱਤਾ ਅਤੇ ਖੇਤੀ ਦੇ ਮੌਜੂਦਾ ਸੰਕਟਾਂ ਦੇ ਮੱਦੇਨਜ਼ਰ ਪੰਜਾਬ ਦੇ ਕੇਸ ਨੂੰ ਤਰਜੀਹੀ ਅਧਾਰ ’ਤੇ ਵਿਚਾਰਨ ਲਈ ਜ਼ੋਰ ਪਾਇਆ। ਕੇਂਦਰੀ ਮੰਤਰੀ ਚੌਹਾਨ ਨੇ ਸੂਬੇ ਦੇ ਖੇਤੀ ਸੰਕਟਾਂ ਨਾਲ ਨਜਿੱਠਣ ਲਈ ਆਪਣੇ ਸੁਝਾਓ ਵੀ ਪੇਸ਼ ਕੀਤੇ ਅਤੇ ਪੜਾਅਵਾਰ ਮਾਮਲੇ ’ਤੇ ਗ਼ੌਰ ਕਰਨ ਦਾ ਭਰੋਸਾ ਦਿੱਤਾ। ਖੁੱਡੀਆਂ ਦੀ ਨਵੇਂ ਕੇਂਦਰੀ ਖੇਤੀ ਮੰਤਰੀ ਨਾਲ ਇਹ ਪਲੇਠੀ ਮੀਟਿੰਗ ਸੀ।
ਖੇਤੀ ਮੰਤਰੀ ਖੁੱਡੀਆਂ ਨੇ ਪਰਾਲੀ ਪ੍ਰਬੰਧਨ ਅਤੇ ਖੇਤੀ ਵੰਨ-ਸੁਵੰਨਤਾ ਲਈ ਕੇਂਦਰੀ ਮਦਦ ਦਿੱਤੇ ਜਾਣ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨ ਕਰ ਕੇ ਪੰਜਾਬ ਦੇ ਕਿਸਾਨਾਂ ਦੇ ਲਾਗਤ ਖ਼ਰਚੇ ਵਧ ਗਏ ਹਨ ਜਿਸ ਕਰ ਕੇ ਸੂਬੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਹਿਕਾਰੀ ਸੰਘਵਾਦ ਵੀ ਭਾਵਨਾ ਵੀ ਸੂਬਾਈ ਸਰਕਾਰਾਂ ਦੀ ਮਦਦ ਦੀ ਮੰਗ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪਰਾਲੀ ਪ੍ਰਬੰਧਨ ਵਾਸਤੇ ਜੋ ਪਹਿਲਾਂ ਸੌ ਫ਼ੀਸਦੀ ਸਪਾਂਸਰਡ ਸਕੀਮ ਸੀ, ਉਸ ਵਿਚ 2023-24 ਤੋਂ 60:40 ਦਾ ਅਨੁਪਾਤ ਕਰ ਦਿੱਤਾ ਹੈ ਜਿਸ ਨੂੰ ਖ਼ਤਮ ਕੀਤਾ ਜਾਵੇ। ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕੇਂਦਰੀ ਪੂਲ ਵਿਚ ਝੋਨੇ ਦਾ 21 ਫ਼ੀਸਦੀ ਅਤੇ ਕਣਕ ਵਿਚ 31 ਫ਼ੀਸਦੀ ਯੋਗਦਾਨ ਪਾ ਰਿਹਾ ਹੈ ਪਰ ਪੰਜਾਬ ਨੂੰ ਖਾਦ ਦੀ ਸਪਲਾਈ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਉਨ੍ਹਾਂ ਕਣਕ ਦੇ ਬੀਜਾਂ ’ਤੇ ਸਬਸਿਡੀ ਮੁੜ ਬਹਾਲ ਕੀਤੇ ਜਾਣ ਦੀ ਮੰਗ ਵੀ ਉਠਾਈ। ਉਨ੍ਹਾਂ ਕਿਹਾ ਕਿ ਪਹਿਲਾਂ 33 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਸੀ, ਜੋ ਹੁਣ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਜ ਖੇਤੀ ਅੰਕੜਾ ਅਥਾਰਿਟੀ ਲਈ ਬਕਾਇਆ ਪਏ 4.26 ਕਰੋੜ ਦੇ ਫ਼ੰਡ ਜਾਰੀ ਕਰਨ ਲਈ ਜ਼ੋਰ ਪਾਇਆ। ਖੇਤੀ ਮੰਤਰੀ ਨੇ ਫ਼ਸਲੀ ਵੰਨ-ਸੁਵੰਨਤਾ ਲਈ ਕੇਂਦਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਤਾਂ ਜੋ ਸੂਬੇ ’ਚ ਝੋਨੇ ਹੇਠੋਂ 11.50 ਲੱਖ ਹੈਕਟੇਅਰ ਰਕਬਾ ਕੱਢਿਆ ਜਾ ਸਕੇ। ਕੇਂਦਰੀ ਪ੍ਰਯੋਜਿਤ ਸਕੀਮਾਂ ਦਾ ਪੁਰਾਣਾ ਸ਼ੇਅਰਿੰਗ ਪੈਟਰਨ ਖ਼ਤਮ ਕਰਕੇ ਸੌ ਫ਼ੀਸਦੀ ਗਰਾਂਟ ਵਿਚ ਤਬਦੀਲ ਕੀਤਾ ਜਾਵੇ। ਖੇਤੀ ਮੰਤਰੀ ਨੇ ਦੱਸਿਆ ਕਿ ਸ਼ਿਵਰਾਜ ਚੌਹਾਨ ਨੇ ਪੰਜਾਬ ਦੀਆਂ ਮੰਗਾਂ ’ਤੇ ਚੰਗਾ ਹੁੰਗਾਰਾ ਭਰਿਆ ਹੈ ਅਤੇ ਖੇਤੀ ਵਿਭਿੰਨਤਾ ਤੇ ਪਰਾਲੀ ਪ੍ਰਬੰਧਨ ’ਚ ਵਿਸ਼ੇਸ਼ ਦਿਲਚਸਪੀ ਦਿਖਾਈ ਹੈ। ਖੁੱਡੀਆਂ ਨੇ ਨਰਮਾ ਖ਼ਿੱਤੇ ਲਈ ‘ਕਪਾਹ ਖੋਜ ਲਈ ਕੇਂਦਰੀ ਸੰਸਥਾ’ ਸਥਾਪਿਤ ਕੀਤੇ ਜਾਣ ਦੀ ਮੰਗ ਵੀ ਉਠਾਈ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਬੀਟੀ ਕਾਟਨ ਦੀ ਅਗਲੀ ਜਨਰੇਸ਼ਨ ਵਾਲਾ ਬੀਟੀ ਕਾਟਨ ਦਾ ਬੀਜ ਬੀਜੀ-3 ਜਲਦ ਮੁਹੱਈਆ ਕਰਾਇਆ ਜਾਵੇ ਕਿਉਂਕਿ ਪੰਜਾਬ ’ਚੋਂ ਨਰਮੇ ਦੀ ਖੇਤੀ ਕਾਫ਼ੀ ਘਟ ਰਹੀ ਹੈ ਅਤੇ ਕਿਸਾਨ ਨੂੰ ਨਰਮੇ ਪ੍ਰਤੀ ਰੁਚਿਤ ਕਰਨ ਵਾਸਤੇ ਨਵੇਂ ਬੀਜ ਦਿੱਤੇ ਜਾਣ। ਖੁੱਡੀਆਂ ਨੇ ਪੰਜਾਬ ਵਿਚ ਨਰਮੇ ਉੱਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਮੱਦੇਨਜ਼ਰ ਕੇਂਦਰੀ ਖੇਤੀ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਵੀ ਕੀਤੀ। ਸ੍ਰੀ ਖੁੱਡੀਆਂ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਨੂੰ ਵੀ ਮਿਲੇ ਅਤੇ ਮੰਗ ਕੀਤੀ ਕਿ ਪੰਜਾਬ ਨੂੰ ਖੇਤੀ ਅਧਾਰਿਤ ਪ੍ਰੋਜੈਕਟ ਦਿੱਤੇ ਜਾਣ। ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕੇਏਪੀ ਸਿਨਹਾ, ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਤੋਂ ਇਲਾਵਾ ਵਿਭਾਗ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
‘ਪੰਜਾਬ ਦੇ ਸੰਘਰਸ਼ੀ ਕਿਸਾਨਾਂ ਦੀ ਬਾਤ ਵੀ ਸੁਣੇ ਕੇਂਦਰ’
ਖੁੱਡੀਆਂ ਨੇ ਅੱਜ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਗੇ ਸੰਘਰਸ਼ੀ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਦੇ ਰਾਹਾਂ ਅੱਗੇ ਹਰਿਆਣਾ ਸਰਕਾਰ ਅੜਿੱਕੇ ਖੜ੍ਹੇ ਕਰ ਰਹੀ ਹੈ। ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸੁਣੇ ਅਤੇ ਕਿਸਾਨੀ ਮਸਲਿਆਂ ਦਾ ਫ਼ੌਰੀ ਹੱਲ ਕੀਤਾ ਜਾਵੇ।