ਇੰਦੌਰ ’ਚ 10 ਰੁਪਏ ਭੀਖ ਦੇਣ ਦੇ ਦੋਸ਼ ਹੇਠ ਕੇਸ ਦਰਜ
ਇੰਦੌਰ:
ਇੰਦੌਰ ਵਿੱਚ ਇੱਕ ਮੰਦਰ ਦੇ ਸਾਹਮਣੇ ਬੈਠੇ ਮੰਗਤੇ ਨੂੰ 10 ਰੁਪਏ ਦੇਣ ਦੇ ਦੋਸ਼ ਹੇਠ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੱਥੇ ਪ੍ਰਸ਼ਾਸਨ ਨੇ ਭੀਖ ਮੰਗਣ ਅਤੇ ਦੇਣ ’ਤੇ ਪਾਬੰਦੀ ਲਾਈ ਹੈ। ਸ਼ਹਿਰ ਵਿੱਚ 15 ਦਿਨਾਂ ’ਚ ਅਜਿਹਾ ਦੂਜਾ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਲਸੂਦੀਆ ਥਾਣੇ ਅਧੀਨ ਪੈਂਦੇ ਮੰਦਰ ਸਾਹਮਣੇ ਬੈਠੇ ਮੰਗਤੇ ਨੂੰ 10 ਰੁਪਏ ਦੇਣ ਵਾਲੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਸੋਮਵਾਰ ਨੂੰ ਬੀਐੱਨਐੱਸ ਦੀ ਧਾਰਾ 223 (ਸਰਕਾਰੀ ਸੇਵਕ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਧਾਰਾ ਤਹਿਤ ਮੁਲਜ਼ਮ ਨੂੰ ਸਾਲ ਤੱਕ ਦੀ ਕੈਦ ਜਾਂ 5,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਇਹ ਕਾਰਵਾਈ ਪ੍ਰਸ਼ਾਸਨ ਵੱਲੋਂ ਮੰਗਤੇ ਖ਼ਤਮ ਕਰਨ ਸਬੰਧੀ ਬਣਾਈ ਗਈ ਟੀਮ ਦੇ ਅਧਿਕਾਰੀ ਫੂਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਇੰਦੌਰ ਪ੍ਰਸ਼ਾਸਨ ਨੇ ਨਾ ਸਿਰਫ਼ ਭੀਖ ਮੰਗਣ, ਸਗੋਂ ਭੀਖ ਦੇਣ ਅਤੇ ਉਨ੍ਹਾਂ ਤੋਂ ਕੋਈ ਸਾਮਾਨ ਖਰੀਦਣ ’ਤੇ ਵੀ ਕਾਨੂੰਨੀ ਪਾਬੰਦੀ ਲਾਈ ਹੋਈ ਹੈ। -ਪੀਟੀਆਈ