ਖ਼ਬਰ ਦਾ ਖੌਫ਼ ਦਿਖਾ ਕੇ ਪੈਸੇ ਮੰਗਣ ’ਤੇ ਯੂ-ਟਿਊਬਰ ਖ਼ਿਲਾਫ਼ ਕੇਸ ਦਰਜ
ਇਕਬਾਲ ਸਿੰਘ ਸ਼ਾਂਤ
ਲੰਬੀ, 3 ਫਰਵਰੀ
ਥਾਣਾ ਕਿੱਲਿਆਂਵਾਲੀ (ਆਰਜ਼ੀ) ਨੇ ਹੋਟਲ ਮਾਲਕ ਤੋਂ ਡਰਾ-ਧਮਕਾ ਕੇ ਦਸ ਹਜ਼ਾਰ ਰੁਪਏ ਮੰਗਣ ਦੇ ਦੋਸ਼ਾਂ ਤਹਿਤ ਯੂ-ਟਿਊਬਰ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਖਿਲਾਫ਼ ਧਮਕੀ ਤੇ ਜਬਰੀ ਵਸੂਲੀ ਦੀ ਗੈਰਜ਼ਮਾਨਤੀ ਧਾਰਾ ਲੱਗੀ ਹੈ। ਮੁਲਜ਼ਮ ਦੀ ਪਛਾਣ ਜਤਿਨ ਕੁਮਾਰ ਮਿੱਡਾ ਉਰਫ ਨੋਨਾ ਵਾਸੀ ਏਕਤਾ ਨਗਰੀ (ਡੱਬਵਾਲੀ) ਵਜੋਂ ਹੋਈ ਹੈ। ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਿਊਜ਼ ਪੇਜ ਚਲਾਉਂਦਾ ਹੈ ਅਤੇ ਖੁਦ ਨੂੰ ਵੈੱਬ ਟੀਵੀ ਦਾ ਪੱਤਰਕਾਰ ਵੀ ਦੱਸਦਾ ਹੈ।
ਦੀਪਕ ਕੁਮਾਰ ਵਾਸੀ ਡੱਬਵਾਲੀ ਦੇ ਬਿਆਨਾਂ ਮੁਤਾਬਕ ਉਹ ਚਾਰ ਸਾਲ ਤੋਂ ਮੰਡੀ ਕਿੱਲਿਆਂਵਾਲੀ ਦੀ ਬਾਦਲ ਕਲੋਨੀ ਵਿੱਚ ਹੋਟਲ ਚਲਾ ਰਿਹਾ ਹੈ। ਹੋਟਲ ਵਿੱਚ ਲੋਕ ਪਰਿਵਾਰ ਸਣੇ ਠਹਿਰਦੇ ਹਨ। ਉਸ ਦਾ ਦੋਸ਼ ਹੈ ਕਿ ਪਹਿਲੀ ਫਰਵਰੀ ਨੂੰ ਜਤਿਨ ਕੁਮਾਰ ਮਿੱਡਾ ਉਰਫ਼ ਨੋਨਾ ਉਸ ਕੋਲ ਆਇਆ, ਜੋ ਖੁਦ ਨੂੰ ਪੱਤਰਕਾਰ ਅਖਵਾਉਂਦਾ ਹੈ। ਨੋਨਾ ਨੇ ਉਸ ਨੂੰ ਕਿਹਾ ਕਿ ਤੁਸੀਂ ਹੋਟਲ ਵਿੱਚ ਗਲਤ ਕੰਮ ਕਰਵਾਉਂਦੇ ਹੋ। ਫਿਰ ਦਬਾਅ ਪਾਉਂਦਿਆਂ ਦਸ ਹਜ਼ਾਰ ਰੁਪਏ ਮੰਗੇ ਅਤੇ ਖ਼ਬਰ ਲਾ ਕੇ ਉਸ ਨੂੰ ਬਦਨਾਮ ਕਰਨ ਤੇ ਨੁਕਸਾਨ ਪਹੁੰਚਾਉਣ ਦਾ ਖੌਫ਼ ਵਿਖਾਇਆ।
ਥਾਣਾ ਕਿੱਲਿਆਂਵਾਲੀ (ਆਰਜ਼ੀ) ਦੇ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ ਦੀਪਕ ਕੁਮਾਰ ਦੀ ਸ਼ਿਕਾਇਤ ’ਤੇ ਜਤਿਨ ਕੁਮਾਰ ਮਿੱਡਾ ਉਰਫ਼ ਨੋਨਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮ ਜਤਿਨ ਖਿਲਾਫ਼ ਥਾਣਾ ਲੰਬੀ ਵਿੱਚ 2022 ਵਿੱਚ ਧਾਰਾ 354 ਤਹਿਤ ਛੇੜਛਾੜ ਦਾ ਕੇਸ ਵੀ ਦਰਜ ਹੈ।
ਉਨ੍ਹਾਂ ਕਿਹਾ ਕਿ ਅਦਾਲਤ ਤੋਂ ਰਿਮਾਂਡ ਲੈ ਕੇ ਮੁਲਜ਼ਮ ਤੋਂ ਹੋਰ ਲੋਕਾਂ ਤੋਂ ਜਬਰੀ ਵਸੂਲੀ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ।