ਭ੍ਰਿਸ਼ਟਾਚਾਰ ਮਾਮਲੇ ’ਚ ਸਤੇਂਦਰ ਜੈਨ ਖ਼ਿਲਾਫ਼ ਕੇਸ ਦਰਜ
ਨਵੀਂ ਦਿੱਲੀ, 19 ਮਾਰਚ
ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਨੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਸਾਬਕਾ ਮੰਤਰੀ ਤੇ ‘ਆਪ’ ਆਗੂ ਸਤੇਂਦਰ ਜੈਨ ਖ਼ਿਲਾਫ਼ 571 ਕਰੋੜ ਰੁਪਏ ਦੇ ਸੀਸੀਟੀਵੀ ਪ੍ਰਾਜੈਕਟ ’ਚ ਕਥਿਤ ਭ੍ਰਿਸ਼ਟਾਚਾਰ ਸਬੰਧੀ ਕੇਸ ਦਰਜ ਕੀਤਾ ਹੈ।
ਏਸੀਬੀ ਦੇ ਜੁਆਇੰਟ ਪੁਲੀਸ ਕਮਿਸ਼ਨਰ ਮਧੁਰ ਵਰਮਾ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17ਏ ਤਹਿਤ ਸਮਰੱਥ ਅਥਾਰਿਟੀ ਤੋਂ ਆਗਿਆ ਲੈਣ ਮਗਰੋਂ ਮੰਗਲਵਾਰ ਨੂੰ ਐੱਫਆਈਆਰ ਦਰਜ ਕੀਤੀ ਗਈ। ਵਰਮਾ ਨੇ ਬਿਆਨ ’ਚ ਕਿਹਾ, ‘‘ਜੈਨ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਸੀਸੀਟੀਵੀ ਕੈਮਰੇ ਲਾਉਣ ’ਚ ਦੇਰੀ ਲਈ ਤਤਕਾਲੀ ‘ਆਪ’ ਸਰਕਾਰ ਵੱਲੋਂ ਅਗਸਤ 2019 ’ਚ ਭਾਰਤ ਇਲੈੱਕਟ੍ਰਾਨਿਕਸ ਲਿਮਟਿਡ (ਬੀਈਐੱਲ) ’ਤੇ ਨੁਕਸਾਨ ਦੀ ਪੂਰਤੀ ਲਈ ਲਾਇਆ ਗਿਆ 16 ਕਰੋੜ ਰੁਪਏ ਦਾ ਜੁਰਮਾਨਾ ਮਨਮਰਜ਼ੀ ਨਾਲ ਮੁਆਫ਼ ਕਰ ਦਿੱਤਾ। ਇਹ ਛੋਟ ਕਥਿਤ ਤੌਰ ’ਤੇ ਸੱਤ ਕਰੋੜ ਰੁਪਏ ਦੀ ਰਿਸ਼ਵਤ ਲੈਣ ਤੋਂ ਬਾਅਦ ਦਿੱਤੀ ਗਈ।’’ ਉਨ੍ਹਾਂ ਕਿਹਾ ਕਿ ਏਸੀਬੀ ਵੱਲੋਂ ਪੀਡਬਲਿਊਡੀ ਅਤੇ ਬੀਈਐੱਲ ਤੋਂ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਤੋਂ ਪਤਾ ਲੱਗਾ ਹੈ ਪ੍ਰਾਜੈਕਟ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਤੇ ਕਈ ਕੈਮਰੇ ਸੌਂਪੇ ਜਾਣ ਵੇਲੇ ਕੰਮ ਨਹੀਂ ਕਰ ਰਹੇ ਸਨ। ਬਿਆਨ ਮੁਤਾਬਕ ਇਹ ਮਾਮਲਾ ਇੱਕ ਰਿਪੋਰਟ ’ਤੇ ਅਧਾਰਿਤ ਹੈ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸੀਸੀਟੀਵੀ ਪ੍ਰਾਜੈਕਟ ਦੇ ਨੋਡਲ ਅਧਿਕਾਰੀ ਜੈਨ ਨੂੰ ਬੀਈਐੱਲ ਤੇ ਉਸ ਦੇ ਠੇਕੇਦਾਰਾਂ ਦਾ ਜੁਰਮਾਨਾ ਮੁਆਫ਼ ਕਰਨ ਬਦਲੇ ਸੱਤ ਕਰੋੜ ਰੁਪਏ ਰਿਸ਼ਵਤ ਦਿੱਤੀ ਗਈ ਸੀ। -ਪੀਟੀਆਈ
ਜੈਨ ਖ਼ਿਲਾਫ਼ ਕੇਸ ਸਿਆਸੀ ਬਦਲਾਖੋਰੀ: ‘ਆਪ’
ਨਵੀਂ ਦਿੱਲੀ:
‘ਆਪ’ ਆਗੂ ਆਤਿਸ਼ੀ ਨੇ ਸਤੇਂਦਰ ਜੈਨ ਖ਼ਿਲਾਫ਼ ਕੇਸ ਨੂੰ ‘ਸਿਆਸੀ ਬਦਲੇਖੋਰੀ’ ਦਾ ਮਾਮਲਾ ਕਰਾਰ ਦਿੱਤਾ ਹੈ, ਜਦਕਿ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ’ਤੇ ਕਈ ਸਾਲਾਂ ਤੱਕ ਭ੍ਰਿਸ਼ਟਾਚਾਰ ਦੇ ਮਾਮਲੇ ਦੱਬੀ ਰੱਖਣ ਦਾ ਦੋਸ਼ ਲਾਇਆ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਜਦੋਂ ਜਾਂਚ ਏਜੰਸੀਆਂ ਆਪਣਾ ਕੰਮ ਛੱਡ ਕੇ ‘ਬੌਸ’ ਦੇ ਹੁਕਮਾਂ ’ਤੇ ਸਿਆਸੀ ਬਦਲਾਖੋਰੀ ਸ਼ੁਰੂ ਕਰ ਦਿੰਦੀਆਂ ਹਨ...।’’ ਉਨ੍ਹਾਂ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਸੰਸਦ ’ਚ ਦਿੱਤੇ ਜਵਾਬ ਵਾਲਾ ਇੱਕ ਦਸਤਾਵੇਜ਼ ਵੀ ਸਾਂਝਾ ਕੀਤਾ, ਜਿਸ ’ਚ ਕਿਹਾ ਗਿਆ ਸੀ ਕਿ ਪਿਛਲੇ 10 ਵਰ੍ਹਿਆਂ ’ਚ ਸਿਆਸੀ ਆਗੂਆਂ ਖ਼ਿਲਾਫ਼ ਈਡੀ ਵੱਲੋਂ ਦਰਜ 193 ਕੇਸਾਂ ’ਚੋਂ ਸਿਰਫ ਦੋ ਵਿੱਚ ਹੀ ਦੋਸ਼ ਸਾਬਤ ਹੋਏ ਹਨ। -ਪੀਟੀਆਈ