ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਖ਼ਿਲਾਫ਼ ਕੇਸ ਦਰਜ
ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੁਲਾਈ
ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਪੇਂਡੂ ਔਰਤਾਂ ਨੂੰ ਕਰਜ਼ਾ ਵਸੂਲੀ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦੇ ਮਸਲਿਆਂ ਸਬੰਧੀ ਬੀਤੇ ਕੱਲ੍ਹ ਅਨਾਜ਼ ਮੰਡੀ ਵਿੱਚ ਵਿਸ਼ਾਲ ਰੋਸ ਰੈਲੀ ਕਰਨ ਵਾਲੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਖ਼ਿਲਾਫ਼ ਸੰਗਰੂਰ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ-1 ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਨਵੀਨਰ ਮੁਕੇਸ਼ ਮਲੌਦ, ਜਨਰਲ ਸਕੱਤਰ ਗੁਰਮੁਖ ਸਿੰਘ ਮਾਨ, ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਬਿੱਕਰ ਸਿੰਘ ਹਥੋਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਚਮਕੌਰ ਸਿੰਘ ਦੇ ਬਿਆਨਾਂ ’ਤੇ ਦਰਜ ਹੋਏ ਕੇਸ ਵਿੱਚ ਇਨ੍ਹਾਂ ਆਗੂਆਂ ’ਤੇ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਨੇ ਅਨਾਜ ਮੰਡੀ ਵਿੱਚ ਇਕੱਠ ਕਰਕੇ ਧਰਨਾ ਦਿੱਤਾ ਗਿਆ ਅਤੇ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਨਾ ਮਾਸਕ ਪਹਨਿੇ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ।
ਪੁਲੀਸ ਕੇਸ ਦਰਜ ਕਰਨ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਖਤ ਨਿਖੇਧੀ ਕੀਤੀ ਹੈ ਅਤੇ ਕਰੋਨਾ ਦੀ ਆੜ ਵਿਚ ਇਸ ਨੂੰ ਸਰਕਾਰੀ ਦਮਨ ਕਰਾਰ ਦਿੱਤਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਐਲਾਨ ਕੀਤਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਜ਼ਦੂਰਾਂ ਦੇ ਮਸਲਿਆਂ ਸਬੰਧੀ ਇਸੇ ਤਰ੍ਹਾਂ ਹੱਕ ਸੱਚ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਮਜ਼ਦੂਰਾਂ ਦੀ ਏਕਤਾ ਅਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਆਵਾਜ਼ ਨੂੰ ਦਬਾਉਣ ਵਾਲਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਇਹ ਰਵੱਈਆ ਦਲਿਤ ਵਿਰੋਧੀ ਹੈ ਜਿਸ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਕੀਤਾ ਜਾਵੇਗਾ। ਪਰਮਜੀਤ ਕੌਰ ਲੌਂਗੋਵਾਲ, ਜਗਤਾਰ ਸਿੰਘ ਤੋਲੇਵਾਲ, ਗੁਰਦੀਪ ਸਿੰਘ ਧੰਦੀਵਾਲ ਜਸਵੰਤ ਸਿੰਘ ਖੇੜੀ ਨੇ ਵੀ ਪ੍ਰਸ਼ਾਸਨ ਦੇ ਕਦਮ ਦੀ ਸਖ਼ਤ ਨਿਖੇਧੀ ਕੀਤੀ।