ਹਨੀ ਟਰੈਪ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ; 3 ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰੂਪਨਗਰ, 7 ਨਵੰਬਰ
ਥਾਣਾ ਸਿਟੀ ਰੂਪਨਗਰ ਪੁਲੀਸ ਵੱਲੋਂ ਹਨੀ ਟਰੈਪ ਦੇ ਦੋਸ਼ ਹੇਠ ਦੋ ਔਰਤਾਂ ਸਣੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ 2 ਮੁਲਜ਼ਮ ਅਜੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਥਾਣਾ ਸਿਟੀ ਰੂਪਨਗਰ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਦੀ ਇੱਕ ਔਰਤ ਦੇ ਬਿਆਨਾਂ ’ਤੇ 5 ਨਵੰਬਰ ਨੂੰ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਗਾਇਆ ਸੀ ਕਿ 29 ਅਕਤੂਬਰ ਨੂੰ ਉਹ ਮਮਤਾ ਵਡੇਰਾ ਦੇ ਘਰ ਗਈ ਸੀ, ਜਿੱਥੇ ਮਮਤਾ ਦੇ ਪਤੀ ਨੇ ਚੋਰੀ ਉਸ ਦੀ ਵੀਡੀਓ ਬਣਾ ਲਈ ਗਈ। ਇਸ ਉਪਰੰਤ ਰਿਪੂਦਮਨ, ਉਸ ਦੀ ਪਤਨੀ ਮਮਤਾ ਵਡੇਰਾ ਵਾਸੀਆਨ ਛੋਟੀ ਹਵੇਲੀ ਰੂਪਨਗਰ, ਸੰਨੀ ਸ਼ਰਮਾ ਤੇ ਸਿਮਰਨ ਵਰਮਾ ਵਾਸੀਆਨ ਸ਼ਾਮਪੁਰਾ ਅਤੇ ਪ੍ਰਕਾਸ਼ ਵਾਸੀ ਜਲੰਧਰ ਨੇ ਵੀਡੀਓ ਨੂੰ ਇਤਰਾਜ਼ਯੋਗ ਬਣਾ ਕੇ ਸ਼ਿਕਾਇਤਕਰਤਾ ਨੂੰ ਬਲੈਕਮੇਲ ਕਰਕੇ ਉਸ ਤੋਂ 30 ਹਜ਼ਾਰ ਰੁਪਏ ਵਸੂਲ ਕਰ ਲਏ ਤੇ ਬਾਅਦ ਵਿੱਚ ਉਸ ਨੂੰ ਹੋਰ ਵਿਅਕਤੀਆਂ ਨਾਲ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦੋਵੇਂ ਮੁਲਜ਼ਮ ਔਰਤਾਂ ਮਮਤਾ ਤੇ ਸਿਮਰਨ ਤੋਂ ਇਲਾਵਾ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਰਿਪੂਦਮਨ ਤੇ ਪ੍ਰਕਾਸ਼ ਦੀ ਤਲਾਸ਼ ਜਾਰੀ ਹੈ।