ਗਰਭਵਤੀ ਦੀ ਮੌਤ ਦੇ ਮਾਮਲੇ ਵਿੱਚ ਡਾਕਟਰ ਤੇ ਨਰਸ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਤਰਨ ਤਾਰਨ, 1 ਅਪਰੈਲ
ਕਸਬਾ ਭਿੱਖੀਵਿੰਡ ਦੇ ਵਿਜੇ ਨਰਸਿੰਗ ਹੋਮ ਵਿੱਚ ਦਾਖਲ ਇਕ ਗਰਭਵਤੀ ਔਰਤ ਦੀ ਇਲਾਜ ਵਿਚ ਕਥਿਤ ਤੌਰ ’ਤੇ ਅਣਗਹਿਲੀ ਕਾਰਨ ਮੌਤ ਹੋਣ ਦੇ ਮਾਮਲੇ ’ਚ ਪੁਲੀਸ ਨੇ ਨਰਸਿੰਗ ਹੋਮ ਦੇ ਡਾਕਟਰ ਅਤੇ ਨਰਸ ਖਿਲਾਫ਼ ਦਫ਼ਾ 304-ਏ ਅਧੀਨ ਕੇਸ ਦਰਜ ਕੀਤਾ ਹੈ|
ਮੁਲਜ਼ਮਾਂ ਦੀ ਸ਼ਨਾਖਤ ਡਾਕਟਰ ਮਨਜੀਤ ਸਿੰਘ ਅਤੇ ਨਰਸ ਰਮਨਦੀਪ ਕੌਰ ਵਜੋਂ ਹੋਈ ਹੈ| ਮ੍ਰਿਤਕ ਮਰੀਜ਼ ਦੀ ਸ਼ਨਾਖਤ ਸੰਦੀਪ ਕੌਰ (31) ਪਤਨੀ ਹਰਪ੍ਰੀਤ ਸਿੰਘ ਵਾਸੀ ਨਾਰਲੀ ਵਜੋਂ ਹੋਈ ਹੈ| ਸੰਦੀਪ ਕੌਰ ਨੂੰ ਪਰਿਵਾਰ ਨੇ 29 ਮਾਰਚ ਨੂੰ ਇਸ ਨਰਸਿੰਗ ਹੋਮ ’ਚ ਦਾਖਲ ਕਰਾਇਆ ਸੀ ਜਿਥੇ ਰਾਤ ਵੇਲੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ|
ਇਸ ਦੌਰਾਨ ਜ਼ੱਚਾ ਦੀ ਤਬੀਅਤ ਖਰਾਬ ਹੋ ਗਈ ਜਿਹੜੀ ਨਰਸਿੰਗ ਹੋਮ ਦੇ ਅਧਿਕਾਰੀਆਂ ਦੇ ਵੱਸ ਤੋਂ ਬਾਹਰ ਹੋ ਗਈ, ਜਿਸ ਕਰਕੇ ਉਨ੍ਹਾਂ ਔਰਤ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਉਹ ਛੇਤੀ ਬਾਅਦ ਹੀ ਦਮ ਤੋੜ ਗਈ|
ਪ੍ਰਸ਼ਾਸਨ ਨੇ ਅਜੇ ਕੁਝ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਕੀਤੀ ਇਕ ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ਔਰਤ ਰੋਗਾਂ ਦੇ ਮਾਹਿਰ (ਗਾਇਨਾਕੋਲੋਜਿਸਟ) ਡਾਕਟਰਾਂ ਦੀ ਥੁੜ ਕਰ ਕੇ ਗੈਰ ਮਾਹਿਰ ਡਾਕਟਰਾਂ ਵਲੋਂ ਕੀਤੇ ਜਾਂਦੇ ਇਲਾਜ ਦੌਰਾਨ ਹੋਈਆਂ ਔਰਤਾਂ ਦੀਆਂ ਮੌਤਾਂ ਦੇ ਮਾਮਲੇ ’ਚ ਚਿੰਤਾ ਪ੍ਰਗਟਾਈ ਸੀ ਪਰ ਇਹ ਸਥਿਤੀ ਜਿਉਂ ਦੀ ਤਿਉਂ ਚੱਲ ਰਹੀ ਹੈ|