ਗੈਰਕਾਨੂੰਨੀ ਖਣਨ ਦੇ ਦੋਸ਼ ਹੇਠ ‘ਕਰੱਸ਼ਰ’ ਵਿਰੁੱਧ ਕੇਸ ਦਰਜ
ਜਗਜੀਤ ਸਿੰਘ
ਮੁਕੇਰੀਆਂ, 7 ਅਕਤੂਬਰ
ਕੰਢੀ ਦੇ ਪਿੰਡ ਭੋਲ ਬਦਮਾਣੀਆਂ ਵਿੱਚ ਮਾਈਨਿੰਗ ਵਿਭਾਗ ਤੋਂ ਇਜਾਜ਼ਤ ਲਏ ਬਿਨਾਂ ਪਹਾੜ ਕੱਟ ਕੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਕਰੱਸ਼ਰ ਖਿਲਾਫ਼ ਤਲਵਾੜਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਮਾਈਨਿੰਗ ਵਿਭਾਗ ਵਲੋਂ ਕਰੀਬ 20 ਦਿਨ ਪਹਿਲਾਂ ਕੀਤੀ ਲਿਖਤੀ ਸ਼ਿਕਾਇਤ ਉਪਰੰਤ ਕੀਤੀ ਹੈ।
ਮਾਈਨਿੰਗ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਨੇ 14 ਸਤੰਬਰ ਨੂੰ ਪੁਲੀਸ ਨੂੰ ਪੱਤਰ ਲਿਖਿਆ ਸੀ ਕਿ ਪਿੰਡ ਪਲਾਹੜ ਤੇ ਭੋਲ ਬਦਮਾਣੀਆਂ ਵਿੱਚ ਗੁਰੂ ਸਟੋਨ ਕਰੱਸ਼ਰ ਗੈਰਕਾਨੂੰਨੀ ਢੰਗ ਨਾਲ ਲਾਇਆ ਗਿਆ ਹੈ, ਜਿਸ ਦੀ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਰੱਸ਼ਰ ਵਲੋਂ ਨਾਲ ਲੱਗਦੀ ਪਹਾੜੀ ਨੂੰ ਕੱਟਿਆ ਜਾ ਰਿਹਾ ਸੀ। ਜਾਂਚ ਟੀਮ ਨੇ ਕਰੱਸ਼ਰ ਦੇ ਨੁਮਾਇੰਦਿਆਂ ਕੋਲੋਂ ਦਸਤਾਵੇਜ਼ ਮੰਗੇ ਤਾਂ ਕਰੱਸ਼ਰ ਦੇ ਨੁਮਾਇੰਦੇ ਕੇਵਲ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ 2 ਏਕੜ ਵਿੱਚ 3 ਫੁੱਟ ਤੱਕ ਦੀ ਮਾਈਨਿੰਗ ਦੀ ਇਜਾਜ਼ਤ ਵਾਲਾ ਪਰਮਿਟ ਹੀ ਦਿਖਾ ਸਕੇ, ਜਦੋਂ ਕਿ ਪਹਾੜ ਕੱਟਣ ਲਈ ਮਾਈਨਿੰਗ ਵਿਭਾਗ ਤੋਂ ਵੱਖਰਾ ਪਰਮਿਟ ਲੈਣਾ ਜ਼ਰੂਰੀ ਹੁੰਦਾ ਹੈ। ਐੱਸਡੀਓ ਨੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਤਲਵਾੜਾ ਪੁਲੀਸ ਮਾਈਨਿੰਗ ਮਾਫੀਆ ਦੀ ਮਦਦ ਕਰ ਰਹੀ ਹੈ। ਪਿੰਡ ਵਾਲਿਆਂ ਨੇ ਕਰੀਬ 20 ਦਿਨ ਪਹਿਲਾਂ ਮੌਕੇ ’ਤੇ ਹੀ ਮਾਈਨਿੰਗ ਤੇ ਪੁਲੀਸ ਅਧਿਕਾਰੀਆਂ ਨੂੰ ਸੱਦ ਕੇ ਮੌਕਾ ਦਿਖਾਇਆ ਸੀ। ਉਸ ਵੇਲੇ ਕਰੱਸ਼ਰ ਮਾਲਕਾਂ ਦੀ ਜੇਸੀਬੀ ਮਸ਼ੀਨ ਪਹਾੜ ਕੱਟ ਰਹੀ ਸੀ ਪਰ ਪੁਲੀਸ ਨੇ ਨਾ ਤਾਂ ਜੇਸੀਬੀ ਹੀ ਜ਼ਬਤ ਕੀਤੀ ਅਤੇ ਨਾ ਹੀ ਮੌਕੇ ’ਤੇ ਕੋਈ ਕਾਰਵਾਈ ਕੀਤੀ। ਉਨ੍ਹਾ ਦਾਅਵਾ ਕੀਤਾ ਕਿ ਕੇਸ ਵਿੱਚ ਕਰੱਸ਼ਰ ਮਾਲਕਾਂ ਨੂੰ ਸ਼ਾਮਲ ਕਰਾਉਣ ਅਤੇ ਪਹਾੜ ਕੱਟਣ ਵਾਲੀ ਮਸ਼ੀਨ ਨੂੰ ਜ਼ਬਤ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ: ਥਾਣਾ ਮੁਖੀ
ਐੱਸਐੱਚਓ ਪ੍ਰਮੋਦ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਿਕਾਇਤ ਉਪਰੰਤ ਜਾਂਚ ਕਰਕੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਵਿੱਚ ਹਾਲੇ ਤੱਕ ਕਰੱਸ਼ਰ ਮਾਲਕਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।