ਮੁੱਖ ਮੰਤਰੀ ਆਤਿਸ਼ੀ ਤੇ ਮਨੀਸ਼ ਬਿਧੂੜੀ ਖ਼ਿਲਾਫ਼ ਕੇਸ ਦਰਜ
ਪੀਟੀਆਈ/ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਦਿੱਲੀ ਪੁਲੀਸ ਨੇ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਮੁੱਖ ਮੰਤਰੀ ਅਤੇ ਕਾਲਕਾਜੀ ਹਲਕੇ ਤੋਂ ‘ਆਪ’ ਉਮੀਦਵਾਰ ਆਤਿਸ਼ੀ ਅਤੇ ਸੰਸਦ ਮੈਂਬਰ ਰਮੇਸ਼ ਬਿਧੂੜੀ ਦੇ ਪੁੱਤਰ ਮਨੀਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਅਸੀਂ ਗੋਵਿੰਦਪੁਰੀ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕਾਲਕਾਜੀ ਤੋਂ ‘ਆਪ’ ਉਮੀਦਵਾਰ ਖਿਲਾਫ਼ ਕੇਸ ਦਰਜ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਫਤਿਹ ਸਿੰਘ ਮਾਰਗ ’ਤੇ ‘ਆਪ’ ਉਮੀਦਵਾਰ ਨੂੰ 50-70 ਸਮਰਥਕਾਂ ਅਤੇ 10 ਗੱਡੀਆਂ ਸਮੇਤ ਮਿਲਣ ’ਤੇ ਉਪਰੋਕਤ ਕਾਰਵਾਈ ਕੀਤੀ ਗਈ ਹੈ। ਪੁਲੀਸ ਨੇ ਉਨ੍ਹਾਂ ਨੂੰ ਇਲਾਕਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਪਰ ਉਨ੍ਹਾਂ ਇੱਕ ਅਧਿਕਾਰੀ ਨੂੰ ਉਸ ਦੀ ਡਿਊਟੀ ਕਰਨ ਤੋਂ ਰੋਕਿਆ। ਇਸੇ ਤਰ੍ਹਾਂ ਦਿੱਲੀ ਪੁਲੀਸ ਨੇ ਰਮੇਸ਼ ਬਿਧੂੜੀ ਦੇ ਪੁੱਤਰ ਮਨੀਸ਼ ਬਿਧੂੜੀ ਵਿਰੁੱਧ ਵੀ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਆਤਿਸ਼ੀ ਦੇ ‘ਸਾਈਲੈਂਸ ਪੀਰੀਅਡ’ ਦੌਰਾਨ ਦਖਲਅੰਦਾਜ਼ੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਭਗਵੰਤ ਮਾਨ ਵੱਲੋਂ ਆਲੋਚਨਾ
ਚੰਡੀਗੜ੍ਹ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਨਿੰਦਾ ਕੀਤੀ ਤੇ ਸਵਾਲ ਕੀਤਾ ਕਿ ਕੀ ਦਿੱਲੀ ਪੁਲੀਸ ਤੇ ਚੋਣ ਕਮਿਸ਼ਨ ਦਾ ਕੰਮ ਸਿਰਫ਼ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਹੈ। ਮਾਨ ਨੇ ਐਕਸ ’ਤੇ ਲਿਖਿਆ, ‘ਦਿੱਲੀ ’ਚ ਭਾਜਪਾ ਦੀ ਗੁੰਡਾਗਰਦੀ ਖ਼ਿਲਾਫ਼ ਸ਼ਿਕਾਇਤ ਦਰਜ ਕਰਨ ਦੀ ਥਾਂ ਚੋਣ ਕਮਿਸ਼ਨ ਦੀ ਸ਼ਿਕਾਇਤ ’ਤੇ ਦਿੱਲੀ ਦੀ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜੋ ਨਿੰਦਣਯੋਗ ਹੈ।’ -ਪੀਟੀਆਈ