ਲਾਪਤਾ ਗੁਰਮਨਜੋਤ ਦੇ ਮਾਮਲੇ ’ਚ 12 ਦਿਨਾਂ ਮਗਰੋਂ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਗਸਤ
ਦੋਸਤਾਂ ਨਾਲ ਸਤਲੁਜ ਦਰਿਆ ਕਿਨਾਰੇ ਘੁੰਮਣ ਜਾਣ ਦੌਰਾਨ ਲਾਪਤਾ ਹੋਏ ਪਿੰਡ ਖਹਿਰਾ ਬੇਟ ਦੇ ਵਾਸੀ ਗੁਰਮਨਜੋਤ ਦੇ ਮਾਮਲੇ ’ਚ ਆਖਰ 12 ਦਿਨਾਂ ਮਗਰੋਂ ਥਾਣਾ ਲਾਡੋਵਾਲ ਦੀ ਪੁਲੀਸ ਨੇ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਗੁਰਮਨਜੋਤ ਦੇ ਪਿਤਾ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਪਰਿਵਾਰ ਵਾਲਿਆਂ ਨੇ ਇਸ ਮਾਮਲੇ ’ਚ ਕਈ ਦੋਸ਼ ਲਾਏ ਸਨ। ਜਾਣਕਾਰੀ ਮੁਤਾਬਕ ਗੁਰਮਨਜੋਤ ਸਿੰਘ ਨੇ 30 ਅਗਸਤ ਨੂੰ ਵਿਦੇਸ਼ ਜਾਣਾ ਸੀ। 27 ਜੁਲਾਈ ਨੂੰ ਉਹ ਆਪਣੇ ਦੋਸਤ ਗੁਰਰਾਜ ਸਿੰਘ ਤੇ ਇੱਕ ਹੋਰ ਦੋਸਤ ਨਾਲ ਸਤਲੁਜ ਕਿਨਾਰੇ ਘੁੰਮਣ ਗਿਆ ਸੀ। ਉਹ ਗੁਰਰਾਜ ਸਿੰਘ ਦੀ ਕਿਸੇ ਨਾਲ ਫੋਨ ’ਤੇ ਗੱਲਬਾਤ ਹੋ ਰਹੀ ਸੀ। ਇਸ ਦੌਰਾਨ ਗੁਰਰਾਜ ਸਿੰਘ ਫੋਨ ’ਤੇ ਗੱਲ ਕਰਨ ਦੌਰਾਨ ਕਿਸੇ ਨਾਲ ਬਹਿਸ ਕਰਨ ਲੱਗਿਆ ਤੇ ਕੁਝ ਸਮੇਂ ਬਾਅਦ ਗੁਰਰਾਜ ਸਿੰਘ ਨੇ ਸਤਲੁਜ ਦਰਿਆ ’ਚ ਛਾਲ ਮਾਰ ਦਿੱਤੀ। ਗੁਰਮਨਜੋਤ ਸਿੰਘ ਨੇ ਉਥੇ ਮੌਜੂਦ ਲੋਕਾਂ ਦੇ ਨਾਲ ਗੁਰਰਾਜ ਨੂੰ ਬਚਾ ਲਿਆ ਤੇ ਬਾਹਰ ਕੱਢਿਆ ਪਰ ਖੁਦ ਗੁਰਮਨਜੋਤ ਲਾਪਤਾ ਹੋ ਗਿਆ। ਦੋਸਤਾਂ ਦਾ ਕਹਿਣਾ ਹੈ ਕਿ ਗੁਰਮਨਜੋਤ ਸਤਲੁਜ ’ਚ ਡਿੱਗ ਗਿਆ ਹੈ, ਜਦੋਂ ਕਿ ਥਾਣਾ ਲਾਡੋਵਾਲ ਦੀ ਪੁਲੀਸ ਨੇ ਕਈ ਥਾਂਵਾਂ ’ਤੇ ਗੋਤਾਖੋਰਾਂ ਦੇ ਨਾਲ ਐੱਨਡੀਆਰਐੱਫ਼ ਦੀ ਟੀਮ ਦੀ ਮਦਦ ਲੈ ਕੇ ਵੀ ਭਾਲ ਕੀਤੀ ਹੈ। ਉਸਦੇ ਪਰਿਵਾਰ ਵਾਲਿਆਂ ਨੇ ਪੁਲੀਸ ’ਤੇ ਜਿੱਥੇ ਢਿੱਲੀ ਕਾਰਵਾਈ ਦੇ ਦੋਸ਼ ਲਾਏ, ਉਥੇ ਉਸਦੇ ਦੋਸਤਾਂ ’ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਾਏ ਹਨ। ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਮਨਜੋਤ ਦਾ ਹਾਲੇ ਕੁਝ ਪਤਾ ਨਹੀਂ ਲੱਗਿਆ। ਉਸਦੀ ਭਾਲ ’ਚ ਕਈ ਟੀਮਾਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀਆਂ ਹਨ। ਜਲਦੀ ਹੀ ਉਸਦਾ ਪਤਾ ਲਾ ਲਿਆ ਜਾਵੇਗਾ।