ਸਾਨ੍ਹ ਨੂੰ ਗੋਲੀ ਮਾਰਨ ਦਾ ਮਾਮਲਾ; ਪੁਲੀਸ ਵੱਲੋਂ ਕੇਸ ਦਰਜ, ਮੁਲਜ਼ਮ ਫ਼ਰਾਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 25 ਮਈ
ਕਸਬਾ ਮਮਦੋਟ ਅਧੀਨ ਪੈਂਦੇ ਪਿੰਡ ਧੀਰਾ ਪੱਤਰਾ ਵਿੱਚ ਆਵਾਰਾ ਸਾਨ੍ਹ ਨੂੰ ਗੋਲੀਆਂ ਮਾਰਨ ਵਾਲੇ ਖ਼ਿਲਾਫ਼ ਮਮਦੋਟ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਕਰਨਵੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੀਰਾ ਪੱਤਰਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਕਰਨਵੀਰ ਸਿੰਘ ਫ਼ਰਾਰ ਹੈ ਅਤੇ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਸ ਘਟਨਾ ਕਾਰਨ ਪਸ਼ੂ ਪ੍ਰੇਮੀਆਂ ਤੇ ਗਊ ਰਕਸ਼ਾ ਦਲਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਦੀ ਹੈ, ਜਦੋਂ ਇੱਕ ਲਾਵਾਰਸ ਸਾਨ੍ਹ ਕਿਸੇ ਕਿਸਾਨ ਦੇ ਖੇਤ ਵਿੱਚ ਦਾਖ਼ਲ ਹੋ ਗਿਆ। ਉਸ ਆਪਣੇ ਲਾਇਸੰਸੀ ਪਿਸਤੌਲ ਨਾਲ ਸਾਨ੍ਹ ’ਤੇ ਦੋ ਗੋਲੀਆਂ ਚਲਾ ਦਿੱਤੀਆਂ। ਪਿੰਡ ਵਾਸੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਕੁਝ ਨੇ ਖੇਤ ਵਿੱਚ ਜ਼ਖ਼ਮੀ ਹਾਲਤ ਵਿੱਚ ਬੈਠੇ ਸਾਨ੍ਹ ਦੀ ਵੀਡੀਓ ਬਣਾ ਲਈ।
ਗਊ ਰਕਸ਼ਾ ਦਲ ਵੱਲੋਂ ਵੀ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਪੁਲੀਸ ਨੇ ਪਿੰਡ ਵਾਸੀ ਇੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਕਰਨਵੀਰ ਸਿੰਘ ਖ਼ਿਲਾਫ਼ ਅਸਲਾ ਐਕਟ, ਪਸ਼ੂਆਂ ਤੇ ਜ਼ੁਲਮ ਢਾਹੁਣ ਸਬੰਧੀ ਬਣੇ ਐਕਟ-1960 ਸਮੇਤ ਭਾਰਤੀ ਨਿਆਂ ਸੰਹਿਤਾ ਦੀ ਧਾਰਾ 325 ਅਧੀਨ ਮੁਕੱਦਮਾ ਦਰਜ ਕੀਤਾ ਹੈ।
ਮਮਦੋਟ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਕਰਨਵੀਰ ਸਿੰਘ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪਸ਼ੂਆਂ ਦਾ ਵਧੀਆ ਪਾਰਖੂ ਹੈ ਮੁਲਜ਼ਮ ਦਾ ਪਿਤਾ
ਮੁਲਜ਼ਮ ਕਰਨਵੀਰ ਸਿੰਘ ਦੇ ਪਿਤਾ ਬੂਟਾ ਸਿੰਘ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਬਾਰੇ ਡੂੰਘੀ ਜਾਣਕਾਰੀ ਰੱਖਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪੂਰੇ ਇਲਾਕੇ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਕਈ ਵਾਰ ਜ਼ਿਲ੍ਹਾ ਅਤੇ ਸੂਬਾ ਪੱਧਰੀ ਸਮਾਗਮਾਂ ਵਿੱਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਹ ਕੌਮੀ ਅਵਾਰਡ ਵੀ ਹਾਸਲ ਕਰ ਚੁੱਕੇ ਹਨ। ਪੁੱਤਰ ਦੀ ਇਸ ਕਾਰਵਾਈ ਨਾਲ ਉਨ੍ਹਾਂ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ।