For the best experience, open
https://m.punjabitribuneonline.com
on your mobile browser.
Advertisement

ਦੁਧਾਰੂ ਪਸ਼ੂ ਮਰਨ ਦਾ ਮਾਮਲਾ: ਵਿਭਾਗ ਦੀਆਂ ਟੀਮਾਂ ਵੱਲੋਂ ਪੰਜ ਪਿੰਡਾਂ ਦਾ ਦੌਰਾ

07:38 AM Feb 20, 2024 IST
ਦੁਧਾਰੂ ਪਸ਼ੂ ਮਰਨ ਦਾ ਮਾਮਲਾ  ਵਿਭਾਗ ਦੀਆਂ ਟੀਮਾਂ ਵੱਲੋਂ ਪੰਜ ਪਿੰਡਾਂ ਦਾ ਦੌਰਾ
ਖਿਆਲਾ ਕਲਾਂ ਵਿੱਚ ਪਸ਼ੂ ਪਾਲਕਾਂ ਨਾਲ ਗੱਲਬਾਤ ਕਰਦੇ ਹੋਏ ਵਿਭਾਗ ਦੇ ਅਧਿਕਾਰੀ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 19 ਫਰਵਰੀ
ਖੇਤਰ ਵਿੱਚ ਦੁਧਾਰੂ ਪਸ਼ੂ ਮਰਨ ਦਾ ਮਾਮਲਾ ਚੰਡੀਗੜ੍ਹ ਤੱਕ ਪੁੱਜ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਜੀ.ਐਸ ਬੇਦੀ ਦੀ ਅਗਵਾਈ ਵਿੱਚ ਵਿਭਾਗ ਟੀਮ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਡਾ. ਰਵੀ ਕਾਂਤ, ਡਾ. ਨਿਰਮਜੀਤ ਵੀਕਾ, ਡਾ. ਪਰਵਿੰਦਰ ਕੌਰ ਦੀ ਅਗਵਾਈ ਹੇਠ ਐੱਨਆਰਡੀ ਡੀਐੱਲ ਜਲੰਧਰ ਅਤੇ ਗਡਵਾਸੂ ਲੁਧਿਆਣਾ ਦੀਆਂ ਟੀਮਾਂ ਨੇ ਪਿੰਡ ਖਿਆਲਾ ਕਲਾਂ, ਮਲਕਪੁਰ ਖਿਆਲਾ, ਖਿਆਲਾ ਖੁਰਦ, ਰੱਲਾ ਅਤੇ ਬੁਰਜ ਹਰੀ ਦਾ ਦੌਰਾ ਕੀਤਾ।
ਪਿੰਡ ਖਿਆਲਾ ਮਲਕਪੁਰ ਦੇ ਅਮਰੀਕ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ ਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਸੈਂਕੜੇ ਪਸ਼ੂਆਂ ਦੀ ਮੌਤ ਦਾ ਕਾਰਨ ਸਮੇਂ ਸਿਰ ਵੈਕਸੀਨ ਨਾ ਲੱਗਣਾ ਅਤੇ ਸਮੇਂ ਸਿਰ ਸਹੀ ਇਲਾਜ ਨਾ ਹੋਣਾ ਹੈ। ਪਿੰਡਾਂ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਹੋਈਆਂ ਮੌਤਾਂ ਦੀ ਪੜਤਾਲ ਲਈ ਪੁੱਜੀਆਂ ਟੀਮਾਂ ਨੇ ਮੌਤ ਦੇ ਕਾਰਨ ਜਾਣਨ ਲਈ ਮ੍ਰਿਤਕ ਪਸ਼ੂਆਂ ਦੇ ਨਮੂਨੇ ਵੀ ਲਏ। ਵਿਭਾਗ ਦੇ ਡਾਇਰੈਕਟਰ ਡਾ. ਬੇਦੀ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦੱਸੇ ਲੱਛਣਾਂ ਮੁਤਾਬਿਕ ਪਸ਼ੂਆਂ ਦੀ ਮੌਤ ਦਾ ਵੱਡਾ ਕਾਰਨ ਲੰਬਾਂ ਸਮਾਂ ਪਈ ਠੰਢ ਅਤੇ ਧੁੱਪ ਨਾ ਨਿਕਲਣਾ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੇ ਨਮੂਨਿਆਂ ਦੀ ਰਿਪੋਰਟ ਦੱਸਦੀ ਹੈ ਕਿ ਪਸ਼ੂਆਂ ਦੇ ਸਰੀਰ ਵਿੱਚ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਦੇ ਅੰਸ਼ ਵੀ ਮੌਤ ਦਾ ਕਾਰਨ ਬਣ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਨਾਈਟ੍ਰੇਟ ਦੀ ਮਾਤਰਾ ਪਸ਼ੂਆਂ ਦੇ ਹਰੇ-ਚਾਰੇ ਵਿੱਚ ਯੂਰੀਆ ਖਾਦ ਦੀ ਜ਼ਿਆਦਾ ਵਰਤੋਂ ਕਰਕੇ ਵਧ ਜਾਂਦੀ ਹੈ। ਉਨ੍ਹਾਂ ਹੋਰਨਾਂ ਪਸ਼ੂਆਂ ਦੇ ਬਚਾਅ ਲਈ ਸਲਾਹ ਦਿੰਦਿਆਂ ਕਿਹਾ ਕਿ ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਪਸ਼ੂਆਂ ਹੇਠ ਪਰਾਲੀ ਵਿਛਾਕੇ ਨਿੱਘ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਖਰੀਦ ਵੇਚ ਅਤੇ ਦੋਧੀਆਂ ਸਮੇਤ ਹਰ ਬਾਹਰਲੇ ਬੰਦੇ ਦਾ ਦਾਖ਼ਲਾ ਬੰਦ ਕੀਤਾ ਜਾਵੇ। ਉਨ੍ਹਾਂ ਪਸ਼ੂਆਂ ਦੀ ਸਿਹਤਯਾਬੀ ਲਈ ਜ਼ਿਲ੍ਹਾ ਹੈਡਕੁਆਰਟਰ ’ਤੇ ਦਵਾਈਆਂ ਖਰੀਦਣ ਦੇ ਹੁਕਮ ਦੇ ਦਿੱਤੇ ਹਨ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਦਵਾਈ ਬਾਜ਼ਾਰੋਂ ਨਾ ਖਰੀਦਣ ਤੇ ਸਰਕਾਰੀ ਹਸਪਤਾਲਾਂ ਤੋਂ ਮੁਫ਼ਤ ਲੈਣ।

Advertisement

Advertisement
Author Image

Advertisement
Advertisement
×