ਭੇਤਭਰੀ ਹਾਲਤ ’ਚ ਮੌਤ ਦਾ ਮਾਮਲਾ: ਪੀੜਤ ਪਰਿਵਾਰ ਵੱਲੋਂ ਚੱਕਾ ਜਾਮ
ਮਹਿੰਦਰ ਸਿੰਘ ਰੱਤੀਆਂ
ਮੋਗਾ 24 ਜੁਲਾਈ
ਇਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਹਰੀਏਵਾਲਾ ਵਿਖੇ ਬੀਤੇ ਮਹੀਨੇ ਦੀ 25 ਜੂਨ ਨੂੰ ਸਾਬਕਾ ਫ਼ੌਜੀ ਕਿਸਾਨ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਨੇ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਦੇ ਸਿਰ ਵਿੱਚ ਸੱਟ ਹੋਣ ਕਾਰਨ ਉਸ ਦੀ ਕੁਝ ਲੋਕਾਂ ਵੱਲੋਂ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲੀਸ ਦੀ ਢਿੱਲੀ ਜਾਂਚ ਖ਼ਿਲਾਫ਼ ਲੋਕਾਂ ਨੇ ਬਾਘਾਪੁਰਾਣਾ-ਮੁੱਦਕੀ ਰੋਡ ਉੱਤੇ ਚੱਕਾ ਜਾਮ ਕੀਤਾ। ਕਾਰਜਕਾਰੀ ਡੀਐਸਪੀ ਬਾਘਾਪੁਰਾਣਾ ਮਨਜੀਤ ਸਿੰਘ ਢੇਸੀ ਅਤੇ ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਹਰਮਨਜੀਤ ਸਿੰਘ ਨੇ ਧਰਨਾਕਾਰੀਆਂ ਨੇ 5 ਦਨਿ ਅੰਦਰ ਜਾਂਚ ਕਰਕੇ ਇਨਸਾਫ਼ ਦਾ ਭਰੋਸਾ ਦੇਣ ਮਗਰੋਂ ਧਰਨਾ ਖ਼ਤਮ ਕੀਤਾ ਗਿਆ।
ਵੇਰਵਿਆਂ ਅਨੁਸਾਰ ਬੀਤੇ ਮਹੀਨੇ ਦੀ 25 ਜੂਨ ਨੂੰ ਸਾਬਕਾ ਫ਼ੌਜੀ ਜਸਵਿੰਦਰ ਸਿੰਘ ਪਿੰਡ ਹਰੀਏ ਵਾਲਾ ਦੀ ਖੇਤ ਦੇ ਟਿਊਬਵੈੱਲ ਤੋਂ ਲਾਸ਼ ਮਿਲੀ ਸੀ। ਉਸ ਦੇ ਸਿਰ ਵਿੱਚ ਸੱਟ ਦਾ ਨਿਸ਼ਾਨ ਸੀ ਪਰ ਪੁਲੀਸ ਦੇ ਪਰਿਵਾਰ ਵਾਲਿਆਂ ਨੇ ਕੁਦਰਤੀ ਮੌਤ ਮੰਨਦਿਆਂ ਧਾਰਾ 174 ਸੀਆਰਪੀਸੀ ਤਹਿਤ ਪੋਸਟਮਾਰਟਮ ਦੀ ਕਾਰਵਾਈ ਕੀਤੀ ਸੀ। ਹੁਣ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ਕੁਦਰਤੀ ਨਹੀਂ ਸਗੋਂ ਹੱਤਿਆ ਕੀਤੀ ਗਈ ਹੈ। ਇਸ ਮੌਕੇ ਪਰਿਵਾਰ ਵਾਲਿਆਂ ਵੱਲੋਂ ਕਥਿਤ ਮੁਲਜ਼ਮਾਂ ਦੇ ਨਾਂ ਵੀ ਨਸ਼ਰ ਕੀਤੇ ਗਏ। ਪੀੜਤ ਪਰਿਵਾਰ ਦੇ ਹੱਕ ਵਿੱਚ ਸਿੱਖ ਜਥੇਬੰਦੀ ਆਗੂ ਦੇਵਿੰਦਰ ਸਿੰਘ ਹਰੀਏਵਾਲਾ ਤੇ ਹੋਰਾਂ ਨੇ ਹਾਅ ਦਾ ਨਾਅਰਾ ਮਾਰਦੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ। ਥਾਣਾ ਮੁਖੀ ਇੰਸਪੈਕਟਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਉੱਤੇ ਇਸ ਮਾਮਲੇ ਦੀ ਜਾਂਚ ਡੀਐੈੱਸਪੀ ਸਪੈਸ਼ਲ ਬਰਾਂਚ, ਰਮਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਜਾ ਰਹੀ ਹੈ।