ਨਸ਼ੇ ਕਾਰਨ ਮੌਤ ਦਾ ਮਾਮਲਾ: ਪ੍ਰਸ਼ਾਸਨ ਦੇ ਭਰੋਸੇ ਮਗਰੋਂ ਪਰਿਵਾਰ ਨੇ ਧਰਨਾ ਚੁੱਕਿਆ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 25 ਨਵੰਬਰ
ਪਿੰਡ ਅਕਲੀਆ ਦੇ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਬਲਜਿੰਦਰ ਸਿੰਘ ਅਕਲੀਆ ਦੀ ਪਿਛਲੇ ਦਿਨੀਂ ਨਸ਼ੇ ਦੀ ਓਵਰਡਡੋਜ਼ ਨਾਲ ਹੋਈ ਮੌਤ ਦੇ ਮਾਮਲੇ ਸਬੰਧੀ ਪੀੜਤ ਪਰਿਵਾਰ ਵੱਲੋਂ ਇਨਸਾਫ਼ ਲੈਣ ਲਈ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਸ਼ ਕੌਮੀ ਮਾਰਗ ’ਤੇ ਰੱਖ ਕੇ ਲਾਇਆ ਧਰਨਾ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲਏ ਜਾਣ ਮਗਰੋਂ ਅੱਜ ਚੌਥੇ ਦਿਨ ਸਮਾਪਤ ਹੋ ਗਿਆ। ਪ੍ਰਸ਼ਾਸਨ ਨੇ ਅੱਜ ਪੀੜਤ ਪਰਿਵਾਰ ਨੇ ਬੰਦ ਕਮਰ ਮੀਟਿੰਗ ਕੀਤੀ ਅਤੇ ਗੱਲਬਾਤ ਸਿਰੇ ਚੜ੍ਹਨ ਮਗਰੋਂ ਸਵੇਰੇ ਕਰੀਬ 11 ਵਜੇ ਧਰਨਾ ਚੁੱਕ ਲਿਆ ਗਿਆ। ਕਿਸਾਨ ਜੁਗਰਾਜ ਸਿੰਘ ਬਾਬੇਕਾ ਦੇ ਘਰ ਹੋਈ ਬੰਦ ਕਮਰਾ ਮੀਟਿੰਗ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡੀਐੱਸਪੀ ਬੂਟਾ ਸਿੰਘ, ਡੀਐੱਸਪੀ ਪ੍ਰਿਤਪਾਲ ਸਿੰਘ ਤੇ ਥਾਣਾ ਜੋਗਾ ਦੇ ਮੁਖੀ ਕੇਵਲ ਸਿੰਘ ਜਦਕਿ ਦੂਜੇ ਪਾਸਿਓਂ ਇਨਸਾਫ ਦਿਵਾਓ ਕਮੇਟੀ ਅਕਲੀਆ ਦੇ ਕਿਸਾਨ ਆਗੂ ਲਖਵੀਰ ਸਿੰਘ ਅਕਲੀਆ, ਜਸਵੀਰ ਸਿੰਘ ਉਰਫ ਕਾਕਾ ਸਰਪੰਚ ਅਕਲੀਆ ਤੇ ਰਾਜ ਸਿੰਘ ਅਕਲੀਆ ਆਦਿ ਸ਼ਾਮਲ ਹੋਏ। ਦੋ ਘੰਟੇ ਹੋਈ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਸਾਨ ਦੇ ਵੱਲੋਂ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਬਲਜਿੰਦਰ ਸਿੰਘ ਅਕਲੀਆ ਦੀ ਲਾਸ਼ ਦਾ ਸਰਕਾਰੀ ਹਸਪਤਾਲ ਮਾਨਸਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਪ ਦਿੱਤੀ। ਇਸ ਸਬੰਧੀ ਗੱਲ ਕਰਨ ’ਤੇ ਡੀਐੱਸਪੀ ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਫਾਰਸ਼ ਕਰਕੇ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।