ਕੁੱਟਮਾਰ ਦਾ ਮਾਮਲਾ: ਸੀਪੀਆਈ ਵੱਲੋਂ ਐੱਸਡੀਐੱਮ ਦਫ਼ਤਰ ਬਾਹਰ ਧਰਨਾ
ਨਿੱਜੀ ਪੱਤਰ ਪ੍ਰੇਰਕ
ਨਾਭਾ, 1 ਜੁਲਾਈ
ਪਿੰਡ ਸੁਖੇਵਾਲ ’ਚ ਸੀਪੀਆਈ ਆਗੂ ਕਸ਼ਮੀਰ ਸਿੰਘ ਗਦਾਇਆ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਬਣੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੁੱਟਮਾਰ ਕਰਨ ਵਾਲਿਆਂ ਵਿਅਕਤੀਆਂ ਉੱਪਰ ਕਾਰਵਾਈ ਦੀ ਮੰਗ ਕੀਤੀ ਗਈ। ਸੀਪੀਆਈ ਦੇ ਕੌਮੀ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਤੇ ਸੁਖਦੇਵ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਪੀੜਤ ਕਸ਼ਮੀਰ ਸਿੰਘ ਗਦਾਇਆ ਨੇ ਦੱਸਿਆ ਕਿ ਪਿੰਡ ਸੁਖੇਵਾਲ ਵਿੱਚ ਮਨਰੇਗਾ ਸੋਸ਼ਲ ਆਡਿਟ ਸਬੰਧੀ ਜਦੋ ਉਨ੍ਹਾਂ ਨੇ ਮੁਲਾਜ਼ਮਾਂ ਕੋਲ ਇਤਰਾਜ਼ ਉਠਾਇਆ ਤਾਂ ਉਸ ਨੂੰ ਬੁਲਾ ਕੇ ਪਿੰਡ ਸੁਖੇਵਾਲ ਦੀ ਸਰਪੰਚ ਦੇ ਪਤੀ ਧਰਮਿੰਦਰ ਸਿੰਘ ਤੋਂ ਕੁਟਵਾਇਆ ਗਿਆ।
ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਮੁਲਜ਼ਮਾਂ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਨਾਭਾ ਐੱਸਡੀਐੱਮ ਤਰਸੇਮ ਚੰਦ ਨੇ ਮੰਗ ਪੱਤਰ ਪ੍ਰਾਪਤ ਕੀਤਾ।
ਦੂਜੇ ਪਾਸੇ ਨਾਭਾ ਦੇ ਮਿਲਣ ਪੈਲੇਸ ਵਿੱਚ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਸਰਪੰਚਾਂ ਨੇ ਇਕੱਠੇ ਹੋ ਕੇ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ ਕਿ ਕਸ਼ਮੀਰ ਗਦਾਇਆ ਵੱਲੋਂ ਲੋਕਾਂ ਨੂੰ ਪ੍ਰਸ਼ਾਸਨ ਅਤੇ ਪੰਚਾਇਤਾਂ ਖਿਲਾਫ ਭੜਕਾ ਕੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇ। ਧਰਮਿੰਦਰ ਸਿੰਘ ਮੁਤਾਬਕ 89 ਸਰਪੰਚਾਂ ਨੇ ਇਸ ਮੰਗ ਪੱਤਰ ਉੱਪਰ ਦਸਤਖ਼ਤ ਕੀਤੇ ਹਨ।