ਐੱਨਆਰਆਈ ’ਤੇ ਹਮਲੇ ਦਾ ਮਾਮਲਾ: ਮੁਕਾਬਲੇ ਵਿੱਚ ਦੋ ਸ਼ੂਟਰ ਜ਼ਖ਼ਮੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਅਗਸਤ
ਇੱਕ ਪਰਵਾਸੀ ਭਾਰਤੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸ਼ੂਟਰ ਅੱਜ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਉਨ੍ਹਾਂ ਵੱਲੋਂ ਦੱਸੀ ਥਾਂ ’ਤੇ ਲੈ ਕੇ ਗਈ ਸੀ। ਹਥਿਆਰ ਪ੍ਰਾਪਤ ਕਰਨ ਮਗਰੋਂ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲੀਸ ਨੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ। ਇਸ ਦੌਰਾਨ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਘਟਨਾ ਲਈ ਵਰਤੀਆਂ ਤਿੰਨੋਂ ਪਿਸਤੌਲਾਂ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਜਦੋਂ ਪੁਲੀਸ ਪਾਰਟੀ ਪਿਸਤੌਲਾਂ ਦੀ ਬਰਾਮਦਗੀ ਕਰਵਾਉਣ ਲਈ ਉਨ੍ਹਾਂ ਨੂੰ ਵੱਲਾ ਨਹਿਰ ਨੇੜਲੇ ਇਲਾਕੇ ਵਿੱਚ ਲੈ ਕੇ ਗਈ ਤਾਂ ਮੁਲਜ਼ਮ ਗੁਰਕੀਰਤ ਸਿੰਘ ਅਤੇ ਸੁਖਵਿੰਦਰ ਸਿੰਘ ਦੋਹਾਂ ਨੇ ਪੁਲੀਸ ਨੂੰ ਚਕਮਾ ਦੇ ਕੇ ਅਚਾਨਕ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬ ਵਿੱਚ ਪੁਲੀਸ ਵੱਲੋਂ ਵੀ ਬਚਾਅ ਵਜੋਂ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਹ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਹੁਣ ਦੋਹਾਂ ਮੁਲਜ਼ਮਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਐੱਨਆਰਆਈ ਸੁਖਚੈਨ ਸਿੰਘ ਨੂੰ ਕਤਲ ਕਰਨ ਵਾਸਤੇ ਉਨ੍ਹਾਂ ਦਾ 15 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ 85 ਹਜ਼ਾਰ ਰੁਪਏ ਮਿਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਐੱਨਆਰਆਈ ਸੁਖਚੈਨ ਸਿੰਘ ਨਾਲ ਬਦਲਾ ਲੈਣ ਵਾਸਤੇ ਉਸ ਦੇ ਸਾਲੇ ਸੁਖਵਿੰਦਰ ਸਿੰਘ ਨੇ ਪੰਜ ਮਹੀਨੇ ਪਹਿਲਾਂ ਗੁਰਕੀਰਤ ਸਿੰਘ ਗੁਰੀ ਨਾਲ ਗੱਲ ਕੀਤੀ ਸੀ ਅਤੇ ਇਹ ਗੱਲ ਸੁਖਵਿੰਦਰ ਸਿੰਘ ਦੇ ਦੋਸਤ ਮਨਪ੍ਰੀਤ ਸਿੰਘ ਉਰਫ ਮੰਨਾ ਵੱਲੋਂ ਕਰਵਾਈ ਗਈ ਸੀ। ਇਸ ਤਹਿਤ ਲਗਪਗ ਦੋ ਮਹੀਨੇ ਪਹਿਲਾਂ ਇੱਕ ਨਾਮਾਲੂਮ ਵਿਅਕਤੀ ਨੇ ਗੁਰੀ ਨੂੰ ਸੁਖਚੈਨ ਸਿੰਘ ਦਾ ਘਰ ਦਿਖਾਇਆ ਸੀ ਅਤੇ ਸੁਖਵਿੰਦਰ ਸਿੰਘ ਨੇ ਤਿੰਨ ਪਿਸਤੌਲਾਂ ਦਾ ਪ੍ਰਬੰਧ ਕੀਤਾ ਸੀ। ਉਪਰੰਤ ਇਹ ਤਿੰਨੋਂ ਵਿਅਕਤੀ ਬੀਤੇ ਦਿਨ ਅੰਮ੍ਰਿਤਸਰ ਆ ਕੇ ਇੱਕ ਹੋਟਲ ਵਿੱਚ ਠਹਿਰੇ। ਗੁਰਕੀਰਤ ਸਿੰਘ ਅਤੇ ਸੁਖਵਿੰਦਰ ਸਿੰਘ ਕਾਰ ਏਜੰਸੀ ਦੇ ਮੁਲਾਜ਼ਮ ਬਣ ਕੇ ਸੁਖਚੈਨ ਸਿੰਘ ਦੇ ਘਰ ਗਏ ਜਦੋਂ ਕਿ ਸੁਖਵਿੰਦਰ ਸਿੰਘ ਉਰਫ ਸਾਬੀ ਨੂੰ ਨਿਗਰਾਨੀ ਲਈ ਗਲੀ ਵਿੱਚ ਛੱਡਿਆ ਗਿਆ ਸੀ। ਐੱਨਆਰਆਈ ਸੁਖਚੈਨ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਫਰਾਰ ਹੋ ਗਏ ਸਨ। ਸ੍ਰੀ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਖਡੂਰ ਸਾਹਿਬ ਗਏ ਅਤੇ ਗੁਰਦੁਆਰੇ ਦੀ ਪਰਿਕਰਮਾ ਵਿੱਚ ਮੋਟਰਸਾਈਕਲ ਖੜ੍ਹਾ ਕਰ ਕੇ ਅੰਮ੍ਰਿਤਸਰ ਵਾਪਸ ਵੱਲਾ ਨਹਿਰ ਦੇ ਇਲਾਕੇ ਵਿੱਚ ਆ ਗਏ। ਉੱਥੇ ਉਨ੍ਹਾਂ ਨੇ ਤਿੰਨੋਂ ਪਿਸਤੌਲਾਂ ਛੁਪਾ ਦਿੱਤੀਆਂ ਤੇ ਵਾਪਸ ਆਪਣੇ ਹੋਟਲ ਦੇ ਕਮਰੇ ਵਿੱਚ ਆ ਗਏ। ਫਿਰ ਉਹ ਆਪਣਾ ਸਾਮਾਨ ਲੈ ਕੇ ਹੁਸ਼ਿਆਰਪੁਰ ਚਲੇ ਗਏ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੁਰਕੀਰਤ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਸਿੰਘ ਦੋਵੇਂ ਪੇਸ਼ੇਵਰ ਅਪਰਾਧੀ ਹਨ ਅਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਜਦੋਂ ਕਿ ਉਨ੍ਹਾਂ ਦੇ ਤੀਜੇ ਸਾਥੀ ਸੁਖਵਿੰਦਰ ਸਿੰਘ ਉਰਫ ਸਾਬੀ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਪੁਲੀਸ ਵੱਲੋਂ ਇਸ ਕੇਸ ਵਿੱਚ ਪਹਿਲਾਂ ਜਗਜੀਤ ਸਿੰਘ ਉਰਫ ਜੱਗੂ, ਚਮਕੌਰ ਸਿੰਘ ਉਰਫ ਛੋਟੂ, ਦਿਗੰਬਰ ਅਤਰੀ, ਅਭਿਲਾਸ਼ ਭਾਸਕਰ ਅਤੇ ਸਵਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ
ਐੱਨਆਰਆਈ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਹੁਸ਼ਿਆਰਪੁਰ ’ਚੋਂ ਗ੍ਰਿਫ਼ਤਾਰ
ਹੁਸ਼ਿਆਰਪੁਰ (ਹਰਪ੍ਰੀਤ ਕੌਰ):
ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਇੱਕ ਐੱਨਆਰਆਈ ਸੁਖਚੈਨ ਸਿੰਘ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਸ਼ੂਟਰਾਂ ਨੂੰ ਅੱਜ ਹੁਸ਼ਿਆਰਪੁਰ ਵਿੱਚ ਇੱਕ ਸਰਾਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਗੁਰਕੀਰਤ ਸਿੰਘ ਉਰਫ਼ ਗੁਰੀ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਗੁਟਰਾਂ ਜ਼ਿਲ੍ਹਾ ਜਲੰਧਰ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਜੈਰਾਮਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲੀਸ ਵੱਲੋਂ ਸੁੱਖਾ ਅਤੇ ਗੁਰੀ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਜਾ ਚੁੱਕਾ ਸੀ। ਖ਼ੁਫੀਆ ਸੂਚਨਾ ਮਿਲਣ ’ਤੇ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀ ਪੁਲੀਸ ਨੇ ਇੱਕ ਸਾਂਝੀ ਕਾਰਵਾਈ ਦੌਰਾਨ ਸ਼ਹਿਰ ਦੇ ਗਊਸ਼ਾਲਾ ਬਾਜ਼ਾਰ ਇਲਾਕੇ ਵਿੱਚ ਇਕ ਸਰਾਂ ਵਿੱਚ ਲੁਕੇ ਇਨ੍ਹਾਂ ਮੁਲਜ਼ਮਾਂ ਨੂੰ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐੱਨਆਰਆਈ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲੀਸ ਨੇ ਉਸ ਦੀ ਪਹਿਲੀ ਪਤਨੀ ਦੇ ਪਿਤਾ ਨੂੰ ਕੱਲ੍ਹ ਟਾਂਡਾ ਦੇ ਪਿੰਡ ਬੈਂਸ ਅਵਾਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮੁਲਜ਼ਮਾਂ ਦੇ ਸਰਾਂ ਵਿੱਚ ਲੁਕੇ ਹੋਣ ਦੀ ਇਤਲਾਹ ਮਿਲੀ ਸੀ, ਜਿਸ ਮਗਰੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲੀਸ ਨੇ ਉਨ੍ਹਾਂ ਦੀ ਘੇਰਾਬੰਦੀ ਕਰ ਲਈ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।