ਵਿਦਿਆਰਥਣਾਂ ਦੇ ਸ਼ੋਸ਼ਣ ਦਾ ਮਾਮਲਾ: ਅਸਿਸਟੈਂਟ ਪ੍ਰੋਫੈਸਰ ਵੱਲੋਂ ਦੋਸ਼ਾਂ ਤੋਂ ਇਨਕਾਰ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਸਤੰਬਰ
ਇੱਥੋਂ ਦੇ ਡੀਏਵੀ ਕਾਲਜ ਸੈਕਟਰ 10 ਵਿੱਚ ਸੋਸ਼ਣ ਦੇ ਮਾਮਲੇ ਵਿਚ ਘਿਰਿਆ ਅਸਿਸਟੈਂਟ ਪ੍ਰੋਫੈਸਰ ਅੱਜ ਕਮੇਟੀ ਅੱਗੇ ਪੇਸ਼ ਹੋਇਆ ਤੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਅਸਿਸਟੈਂਟ ਪ੍ਰੋਫੈਸਰ ਨੇ ਕਿਹਾ ਕਿ ਉਸ ਖ਼ਿਲਾਫ਼ ਦੋਸ਼ ਲਾਉਂਦੇ ਜਿਹੜੇ ਸਕਰੀਨਸ਼ਾਟ ਸਬੂਤ ਵਜੋਂ ਦਿਖਾਏ ਗਏ ਹਨ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਕੀਤੇ ਗਏ ਹਨ। ਇਸ ਕਰ ਕੇ ਉਸ ਨੂੰ ਇਨ੍ਹਾਂ ਦੋਸ਼ਾਂ ਨੂੰ ਝੂਠੇ ਸਾਬਤ ਕਰਨ ਦਾ ਸਮਾਂ ਦਿੱਤਾ ਜਾਵੇ। ਇਸ ’ਤੇ ਕਾਲਜ ਦੀ ਜਾਂਚ ਕਮੇਟੀ ਨੇ ਉਸ ਨੂੰ 28 ਸਤੰਬਰ ਤਕ ਦਾ ਸਮਾਂ ਦੇ ਦਿੱਤਾ ਹੈ।
ਇਸ ਮਾਮਲੇ ਵਿਚ ਅੱਜ ਕਾਲਜ ਦੇ ਸਟਾਫ ਨੇ ਮੀਡੀਆ ਨਾਲ ਦੂਰੀ ਬਣਾਈ ਰੱਖੀ ਤੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਸੂਤਰਾਂ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਨੇ ਆਪਣੇ ’ਤੇ ਲਾਏ ਦੋਸ਼ਾਂ ਨੂੰ ਝੂਠ ਤੇ ਸਿਆਸਤ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਉਸ ਨੂੰ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।
ਇਹ ਪਤਾ ਲੱਗਿਆ ਹੈ ਕਿ ਅੱਜ ਇਸ ਮਾਮਲੇ ’ਤੇ ਜਾਂਚ ਕਮੇਟੀ ਦੀ ਮੀਟਿੰਗ ਸਵੇਰ ਗਿਆਰਾਂ ਵਜੇ ਸ਼ੁਰੂ ਹੋਈ ਤੇ ਇਹ ਮੀਟਿੰਗ ਢਾਈ ਘੰਟੇ ਚਲਦੀ ਰਹੀ। ਪ੍ਰਿੰਸੀਪਲ ਡਾ. ਖੱਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਕਮੇਟੀ ਨੇ ਅੱਜ ਸ਼ੋਸ਼ਣ ਮਾਮਲੇ ਵਿਚ ਅਸਿਸਟੈਂਟ ਪ੍ਰੋਫੈਸਰ ਤੋਂ ਪੁੱਛਗਿੱਛ ਕੀਤੀ ਤੇ ਜਾਂਚ ਜਾਰੀ ਹੈ।
ਦੱਸਣਾ ਬਣਦਾ ਹੈ ਕਿ ਜਾਂਚ ਕਮੇਟੀ ਸਾਹਮਣੇ 21 ਸਤੰਬਰ ਨੂੰ ਲੜਕੀਆਂ ਪੇਸ਼ ਹੋਈਆਂ ਸਨ। ਲੜਕੀਆਂ ਨੇ ਦੋਸ਼ ਲਾਏ ਸਨ ਕਿ ਪੀੜਤ ਲੜਕੀਆਂ ਨੇ ਦੱਸਿਆ ਕਿ ਉਕਤ ਪ੍ਰੋਫੈਸਰ ਦਾ ਲੜਕੀਆਂ ਪ੍ਰਤੀ ਵਤੀਰਾ ਠੀਕ ਨਹੀਂ ਹੈ ਤੇ ਉਹ ਅਕਸਰ ਦੇਰ ਰਾਤ ਵਟਸ ਐਪ ’ਤੇ ਸੰਦੇਸ਼ ਭੇਜਦਾ ਸੀ ਤੇ ਉਨ੍ਹਾਂ ਨੂੰ ਮਿਲਣ ਲਈ ਉਕਸਾਉਂਦਾ ਸੀ। ਇਸ ਕਾਲਜ ਦੇ ਇਕ ਲੈਕਚਰਾਰ ਨੇ ਦੱਸਿਆ ਕਿ ਕਾਲਜ ਵਲੋਂ ਇਸ ਮਾਮਲੇ ਦੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦਬਾਅ ਹੇਠ ਨਾ ਆ ਕੇ ਸਹੀ ਫੈਸਲਾ ਲਿਆ ਜਾਵੇਗਾ।